- ਲਾਕਡਾਊਨ ਤੋਂ ਹੁਣ ਤੱਕ 2 ਲੱਖ ਤੋਂ ਵੱਧ ਮਰੀਜ਼ਾਂ ਨੇ ਇਲਾਜ ਲਈ ਆਪਣੇ ਆਪ ਨੂੰ ਕਰਵਾਇਆ ਰਜਿਸਟਰਡ
ਚੰਡੀਗੜ੍ਹ, ਜਨਵਰੀ 27, 2021 – ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਮਾਨਸਿਕ ਸਿਹਤ-ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਨਸ਼ਾ ਛੁਡਾਓ ਕੇਂਦਰਾਂ ਵਿੱਚ ਕੰਮ ਕਰਦੇ ਮੈਡੀਕਲ ਅਫਸਰਾਂ ਅਤੇ ਕੌਂਸਲਰਾਂ ਲਈ ਮਾਹਰ ਟੀਮ ਵੱਲੋਂ ਇੱਕ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਸ ਟੀਮ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ-ਸਾਇੰਸਜ (ਐਨਆਈਐਮਐਚਏਐਨਐਸ), ਬੰਗਲੌਰ ਤੋਂ ਮਾਹਰ ਡਾ. ਐਨ. ਮੰਜੂਨਾਥ, ਐਸੋਸੀਏਟ ਪ੍ਰੋਫੈਸਰ ਅਤੇ ਸਲਾਹਕਾਰ ਟੈਲੀਮੈਡੀਸਨ ਡਾ. ਸੁਰੇਸ਼ ਬਡਾ ਮੈਥ, ਡਾ: ਨਵੀਨ ਸੀ ਕੁਮਾਰ ਅਤੇ ਡਾ. ਪ੍ਰਤਿਮਾ ਮੂਰਥੀ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਦੇ ਨਾਲ ਨਾਲ ਨਸ਼ਾ ਛਡਾਉ ਪ੍ਰੋਗਰਾਮ ਨੂੰ ਹੋਰ ਮਜਬੂਤ ਕਰਨ ਲਈ ਪੰਜਾਬ ਵਿੱਚ ਵੱਖ ਵੱਖ ਸਿਹਤ ਸਹੂਲਤਾਂ ਵਿੱਚ ਕੰਮ ਕਰਨ ਵਾਲੇ ਮੈਡੀਕਲ ਅਫਸਰਾਂ ਲਈ ਵਿਸ਼ੇਸ਼ ਆਨਲਾਈਨ ਸਿਖਲਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਐਨ. ਮੰਜੂਨਾਥ ਨੇ ਮਰੀਜ਼ਾਂ ਦੇ ਮਾਨਸਿਕ ਰੋਗਾਂ ਦੀ ਸਕ੍ਰੀਨਿੰਗ ਕਿਵੇਂ ਕੀਤੀ ਜਾਵੇ ਅਤੇ ਮੁੱਢਲੀਆਂ ਸਿਹਤ ਸੰਭਾਲ ਕੇਂਦਰਾਂ ‘ਤੇ ਉਨ੍ਹਾਂ ਦਾ ਇਲਾਜ ਕਿਵੇਂ ਕੀਤਾ ਜਾਵੇ, ਸਬੰਧੀ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ।
ਇਸ ਸਿਖਲਾਈ ਪ੍ਰੋਗਰਾਮ ਵਿਚ 100 ਤੋਂ ਵੱਧ ਮੈਡੀਕਲ ਅਧਿਕਾਰੀ ਸ਼ਾਮਲ ਹੋਏ ਜੋ ਮਾਨਸਿਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰਨ ਵਿਚ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਮੁੱਢਲੇ ਸਿਹਤ ਕੇਂਦਰਾਂ ਦੇ ਪੱਧਰ ‘ਤੇ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਉਨ੍ਹਾਂ ਦਾ ਇਲਾਜ ਮਾਹਰਾਂ ਦੁਆਰਾ ਵਿਕਸਤ ਕੀਤੇ ਗਏ ਪ੍ਰੋਟੋਕੋਲ ਦੇ ਅਨੁਸਾਰ ਕੀਤਾ ਜਾਵੇਗਾ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਮਨੋਰੋਗ ਰੋਗਾਂ ਦੀਆਂ ਸੇਵਾਵਾਂ ਦੀ ਹੋਰ ਜ਼ਰੂਰਤ ਹੈ, ਉਨ੍ਹਾਂ ਨੂੰ ਸੈਕੰਡਰੀ ਪੱਧਰ ਦੇ ਹਸਪਤਾਲਾਂ ‘ਚ ਇਲਾਜ ਲਈ ਰੈਫਰ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ -19 ਨੇ ਲੱਖਾਂ ਲੋਕਾਂ ਨੂੰ ਚਿੰਤਾ, ਡਰ, ਇਕਾਂਤਵਾਸ, ਸਮਾਜਿਕ ਦੂਰੀ ਅਤੇ ਪਾਬੰਦੀਆਂ ਦੇ ਨਾਲ-ਨਾਲ ਅਨਿਸਚਿਤਤਾ ਅਤੇ ਭਾਵਨਾਤਮਕ ਪ੍ਰੇਸ਼ਾਨੀ ਜ਼ਰੀਏ ਮਾਨਸਿਕ ਸਿਹਤ ਨੂੰ ਬਹੁਤ ਪ੍ਰਭਾਵਤ ਕੀਤਾ। ਸਿਹਤ ਵਿਭਾਗ ਪੰਜਾਬ ਵਲੋਂ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਹੈਲਪਲਾਈਨ 104 ਰਾਹੀਂ 24 7 ਟੋਲ-ਫਰੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ, ਆਈਸੋਲੇਸ਼ਨ ਵਾਰਡ ਵਿਚ ਦਾਖਲ ਮਰੀਜ਼ਾਂ ਅਤੇ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ ਵੀ ਕੀਤੀ ਗਈ। ਸਿਹਤ ਵਿਭਾਗ, ਪੰਜਾਬ ਵੱਲੋਂ ਇਕ ਟੈਲੀ ਮੋਨੀਟਰਿੰਗ ਏਜੰਸੀ ਨੂੰ ਵੀ ਇਸੇ ਮਕਸਦ ਲਈ ਲਗਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਲਾਕਡਾਊਨ ਦੌਰਾਨ ਨਸਅਿਾਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਅਤੇ ਦੇਖਭਾਲ ਮੁਹੱਈਆ ਕਰਵਾਉਣ ਲਈ, ਪੰਜਾਬ ਸਰਕਾਰ ਨੇ 199 ਓਓਏਟੀ ਕਲੀਨਿਕਾਂ ਅਤੇ 35 ਸਰਕਾਰੀ ਨਸ਼ਾ ਛਡਾਉ ਕੇਂਦਰਾਂ ਤੋਂ ਟੈਕ-ਹੋਮ ਡੋਜ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ 2 ਲੱਖ ਤੋਂ ਵੱਧ ਮਰੀਜ਼ਾਂ ਨੇ ਸਟੇਟ ਨਸ਼ਾ ਛਡਾਉ ਵੈਬ ਪੋਰਟਲ ‘ਤੇ ਆਪਣੇ ਆਪ ਨੂੰ ਇਲਾਜ ਲਈ ਰਜਿਸਟਰਡ ਕਰਵਾਇਆ। ਇਨ੍ਹਾਂ ਕੇਂਦਰਾਂ ਤੋਂ ਇਲਾਵਾ, 10 ਕੇਂਦਰੀ ਜੇਲ੍ਹਾਂ ਵਿੱਚ ਕੈਦੀਆਂ ਨੂੰ ਨਸ਼ਾ ਛਡਾਉ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਰਾਜ ਵਿੱਚ 137 ਨਿੱਜੀ ਨਸ਼ਾ ਛਡਾਉ ਕੇਂਦਰਾਂ ਨੂੰ ਵੀ ਇਲਾਜ ਲਈ ਅਧਿਕਾਰਤ ਕੀਤਾ ਗਿਆ ਹੈ।
ਹੁਣ ਤੱਕ 6.15 ਲੱਖ ਮਰੀਜ਼ਾਂ ਨੂੰ ਇਲਾਜ ਲਈ ਰਜਿਸਟਰਡ ਕੀਤਾ ਗਿਆ।