ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਦੀ ਝਾਕੀ ਨੂੰ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ, 27 ਜਨਵਰੀ 2021 – ਨਵੀਂ ਦਿੱਲੀ ਵਿਖੇ 72ਵੇਂ ਕੌਮੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੀ ਪੰਜਾਬ ਸਰਕਾਰ ਦੀ ਝਾਕੀ ਨੂੰ ਹਰ ਪਾਸਿਉਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲਿਆ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਮਨੁੱਖਤਾ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਜਿਹੀਆਂ ਸਦੀਵੀ ਕਦਰਾਂ-ਕੀਮਤਾਂ ਲਈ ਆਪਾ ਵਾਰਿਆ, ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਸੂਬੇ ਦੀ ਝਾਕੀ ਵਿੱਚ ਦਰਸਾਇਆ ਗਿਆ।

ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਦੇਸ਼ ਭਰ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਸਲਾਹਿਆ ਗਿਆ ਕਿਉਂ ਜੋ ਇਸ ਵਿੱਚ ਗੁਰੂ ਸਾਹਿਬ ਦੀ ਮਨੁੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਪ੍ਰਤੀ ਕੁਰਬਾਨੀ ਤੇ ਦਲੇਰੀ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਸੀ ਅਤੇ ਇਸ ਗੱਲ ਦੀ ਗਵਾਹੀ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ‘ਤੇ ਲੋਕਾਂ ਵੱਲੋਂ ਕੀਤੀਆਂ ਆਪਣੀਆਂ ਭਾਵਪੂਰਤ ਟਿੱਪਣੀਆਂ ਰਾਹੀਂ ਭਰੀ ਗਈ ਹੈ।

ਨੌਵੇਂ ਪਾਤਿਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਝਾਕੀ ਨੇ ਰੂਹਾਨੀ ਮਾਹੌਲ ਸਿਰਜਦਿਆਂ ਵਿਸ਼ਵ-ਵਿਆਪੀ ਭਾਈਚਾਰੇ, ਆਪਸੀ ਪਿਆਰ ਅਤੇ ਕੌਮੀ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ ਲਗਾਤਾਰ ਪੰਜਵੀਂ ਵਾਰ ਆਪਣੀ ਝਾਕੀ ਕੌਮੀ ਗਣਤੰਤਰ ਦਿਵਸ ਸਮਾਗਮ ਲਈ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਸਾਲ 2019 ਵਿੱਚ ਪੰਜਾਬ ਸਰਕਾਰ ਦੀ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਸ਼ਤਾਬਦੀ ਯਾਦ ਨੂੰ ਸਮਰਪਿਤ ਝਾਕੀ ਨੂੰ ਦੇਸ਼ ਭਰ ਵਿੱਚੋਂ ਤੀਸਰਾ ਸਥਾਨ ਮਿਲਿਆ ਸੀ। ਇਸ ਤੋਂ ਪਹਿਲਾਂ 1967 ਅਤੇ 1982 ਵਿੱਚ ਵੀ ਪੰਜਾਬ ਦੀਆਂ ਝਾਕੀਆਂ ਇਹ ਮਾਣ ਪ੍ਰਾਪਤ ਕਰਨ ਵਿੱਚ ਸਫ਼ਲ ਰਹੀਆਂ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਟਾਕਰੇ ਲਈ ਭਾਰਤ ਨੂੰ ਸਪੱਸ਼ਟ ਨੀਤੀ ਤੇ ਫੌਜੀ ਤਾਕਤ ਵਧਾਉਣ ਦੀ ਲੋੜ: ਕੈਪਟਨ ਅਮਰਿੰਦਰ ਸਿੰਘ

ਪੁਲਿਸ ਵਲੋਂ ਕਿਸਾਨ ਆਗੂ ਦਰਸ਼ਨ ਪਾਲ ਨੂੰ ਨੋਟਿਸ ਜਾਰੀ ਕਰਕੇ 3 ਦਿਨਾਂ ‘ਚ ਮੰਗਿਆ ਜਵਾਬ