ਜ਼ੀਰਾ/ਫਿਰੋਜ਼ਪੁਰ, 2 ਮਾਰਚ 2025 – ਪੰਜਾਬ ਦੀ ਰਾਜਨੀਤੀ ਵਿੱਚ ਹਮੇਸ਼ਾ ਸਰਗਰਮ ਰਹਿਣ ਅਤੇ ਪੰਜਾਬ ਦੇ ਲੋਕ ਮੁੱਦਿਆਂ ਦੀ ਵਕਾਲਤ ਕਰਨ ਵਾਲੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਸਵਾਗਤ ਕੀਤਾ ਹੈ। ਪਰ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਪਹਿਲਾਂ ਪੁਲਿਸ ਅਧਿਕਾਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੈਬਨਟ ਮੰਤਰੀਆਂ ਦੇ ਡੋਪ ਟੈਸਟ ਕਰਵਾਏ ਜਾਣ।
ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ ਵੀ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ “ਨਸ਼ੇ ਪੂਰੀ ਤਰ੍ਹਾਂ ਪੁਲਿਸ ਦੀ ਸ਼ਹਿ ਹੇਠ ਵੇਚੇ ਜਾ ਰਹੇ ਹਨ। ਜਦੋਂ ਕਾਂਗਰਸ ਪਾਰਟੀ ਦੇ ਕਿਸੇ ਨੁਮਾਇੰਦੇ ਵੱਲੋਂ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ, ਤਾਂ ਸੀਨੀਅਰ ਪੁਲਿਸ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਟਾਲ-ਮਟੋਲ ਕਰਦੇ ਰਹਿੰਦੇ ਸਨ।
ਉਨ੍ਹਾਂ ਨੇ ਆਖਿਆ ਕਿ ਜੇਕਰ ਪੁਲਿਸ ਠੀਕ ਤਰੀਕੇ ਨਾਲ ਕੰਮ ਕਰੇ ਤਾਂ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਖਤਮ ਹੋ ਸਕਦੀ ਹੈ। ਪਰ ਅਫ਼ਸੋਸ ਹੈ ਕਿ ਪੁਲਿਸ ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀ ਵੀ ਨਸ਼ੇ ਦੇ ਵਿਅਪਾਰ ਵਿੱਚ ਸ਼ਾਮਲ ਹਨ। ਉਹਨਾਂ ਜੀਰਾ ਸ਼ਹਿਰ ਦੇ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਸ਼ਰਾਰਤੀ ਤੱਤਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਤੇ ਵੀ ਚਿੰਤਾ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਜੇਕਰ ਪੁਲਿਸ ਥਾਣੇ ਦੇ ਆਲੇ ਦੁਆਲੇ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਤਾਂ ਪੁਲਿਸ ਥਾਣਿਆਂ ਤੋਂ ਦੂਰ ਸਮਾਜਿਕ ਕੁਰੀਤੀਆਂ ਕਿਵੇਂ ਨਹੀਂ ਪੈਦਾ ਹੋ ਸਕਦੀਆਂ।

–ਆਪਣੇ ਸਰਕਾਰ ਮੌਕੇ ਡੋਪ ਟੈਸਟ ਦੇ ਲਈ ਸੁਖਬੀਰ ਬਾਦਲ ਨੂੰ ਵੀ ਵੰਗਾਰਿਆ ਸੀ —
ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਅਪਣੀ ਵਿਧਾਇਕੀ ਦੌਰਾਨ ਉਨ੍ਹਾਂ ਨੇ ਸਾਬਕਾ ਉਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਡੋਪ ਟੈਸਟ ਲਈ ਵੰਗਾਰਿਆ ਸੀ, ਜਦੋਂ ਉਹ ਗੁਰਦੁਆਰਾ ਠੱਠਾ ਸਾਹਿਬ ਵਿਖੇ ਪਹੁੰਚੇ ਸਨ।
ਉਨ੍ਹਾਂ ਨੇ ਆਖਿਆ ਉਸ ਸਮੇਂ ਮੈਂ ਖੁਦ ਆਪਣਾ ਡੋਪ ਟੈਸਟ ਕਰਵਾਇਆ ਸੀ ਅਤੇ ਸੁਖਬੀਰ ਬਾਦਲ ਨੂੰ ਵੀ ਇਹ ਕਰਨ ਲਈ ਕਿਹਾ ਸੀ। ਹੁਣ ਵੀ ਮੈਂ ਮੌਜੂਦਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਇਹ ਚੁਣੌਤੀ ਦਿੰਦਾ ਹਾਂ ਕਿ ਉਹ ਪਹਿਲਾਂ ਆਪਣਾ ਡੋਪ ਟੈਸਟ ਕਰਵਾਉਣ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚੁਣੌਤੀ ਦਿੱਤੀ ਕਿ ਜੇਕਰ ਉਹਨਾਂ ਨੂੰ ਆਪਣੀ ਨਸ਼ਾ ਵਿਰੋਧੀ ਮੁਹਿੰਮ ‘ਤੇ ਵਿਸ਼ਵਾਸ ਹੈ, ਤਾਂ ਪਹਿਲਾਂ ਆਪ ਅਤੇ ਤੁਹਾਡੀ ਕੈਬਨਿਟ ਆਪਣੇ ਡੋਪ ਟੈਸਟ ਕਰਵਾ ਕੇ ਲੋਕਾਂ ਅੱਗੇ ਨਤੀਜੇ ਰੱਖੋ।
ਸੰਸਦੀ ਚੋਣਾਂ ਮੌਕੇ ਵੀ ਉਠਾਈ ਸੀ ਆਵਾਜ਼
ਜਦ ਕੁਲਬੀਰ ਸਿੰਘ ਜੀਰਾ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਸੰਸਦ ਦੀ ਚੋਣ ਲੜ ਰਹੇ ਸਨ ਤਾਂ ਉਹਨਾਂ ਨੇ ਉਸ ਵਕਤ ਵੀ ਜ਼ਬਰਦਸਤ ਪ੍ਰਚਾਰ ਕੀਤਾ ਸੀ। ਉਸ ਵਕਤ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਅਤੇ ਕਾਂਗਰਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਲੜ ਰਹੇ ਸਨ। ਉਹਨਾਂ ਕਿਹਾ ਕਿ ਮੇਰੇ ਖਿਲਾਫ ਜਾਂ ਹੋਰਾਂ ਹਲਕਿਆਂ ਦੇ ਵਿੱਚ ਜਿੰਨੇ ਵੀ ਸੰਸਦੀ ਮੈਂਬਰ ਹਨ ਉਹਨਾਂ ਦੇ ਡੋਪ ਟੈਸਟ ਕਰਵਾਏ ਜਾਣ ਉਹਨਾਂ ਕਿਹਾ ਕਿ ਜੇਕਰ ਅਸਲਾ ਲਾਈਸੈਂਸ ਬਣਾਉਣ ਦੇ ਲਈ ਡੋਬ ਟੈਸਟ ਜਰੂਰੀ ਹੈ ਤਾਂ ਦੋ ਢਾਈ ਲੱਖ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਸੰਸਦ ਮੈਂਬਰ ਦਾ ਡੋਪ ਟੈਸਟ ਹੋਣਾ ਕਿਉਂ ਨਹੀਂ ਜਰੂਰੀ।
ਨਸ਼ਾ ਮੁਕਤ ਪੰਜਾਬ ਦੇ ਲਈ ਮੇਰੀਆਂ ਦਲੀਲਾਂ ਤੇ ਅਮਲ ਕਰੇ ਸਰਕਾਰ
ਕੁਲਬੀਰ ਸਿੰਘ ਜ਼ੀਰਾ ਨੇ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਹਾਲੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਾ ਮੁਕਤੀ ਮੁਹਿੰਮ ਤਬ ਹੀ ਸਫਲ ਹੋ ਸਕਦੀ ਹੈ ਜਦੋਂ ਇਹ ਮੁਹਿੰਮ ਸਿਰਫ ਆਮ ਲੋਕਾਂ ਤੱਕ ਸੀਮਤ ਨਾ ਹੋਵੇ, ਸਗੋਂ ਵਿਧਾਇਕਾਂ, ਮੰਤਰੀਆਂ ਤੇ ਪੁਲਿਸ ਅਧਿਕਾਰੀਆਂ ਲਈ ਵੀ ਹੋਵੇ।
ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ 2022 ‘ਚ ਨਸ਼ਿਆਂ ਵਿਰੁੱਧ ਨਵੇਂ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤਕ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਕੋਈ ਵੱਡੀ ਕਾਰਵਾਈ ਨਹੀਂ ਹੋਈ।
ਕੁਲਬੀਰ ਸਿੰਘ ਜੀਰਾ ਨੇ ਆਖਿਆ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ, ਤਾਂ ਪਹਿਲਾਂ ਉਨ੍ਹਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ, ਜੋ ਸਿਸਟਮ ਦਾ ਹਿੱਸਾ ਹਨ।” ਉਨ੍ਹਾਂ ਨੇ ਦਾਅਵਾ ਕੀਤਾ ਕਿ “ਜੇਕਰ ਮੁੱਖ ਮੰਤਰੀ ਦੀ ਨਸ਼ਾ ਮੁਹਿੰਮ ਇਮਾਨਦਾਰੀ ਨਾਲ ਚੱਲੀ ਤਾਂ 6 ਮਹੀਨਿਆਂ ਵਿੱਚ ਨਸ਼ਾ ਸਮਾਪਤ ਹੋ ਸਕਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਕੁਲਬੀਰ ਸਿੰਘ ਜ਼ੀਰਾ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਪੰਜਾਬ ਸਰਕਾਰ ਦੇ ਨੁਮਾਇੰਦੇ ਦਿੰਦੇ ਹਨ ਜਾਂ ਫਿਰ ਸੁਖਬੀਰ ਸਿੰਘ ਬਾਦਲ ਵਾਂਗੂ ਕਿਨਾਰਾ ਵੱਟ ਜਾਣਗੇ।
