ਨਵੀਂ ਦਿੱਲੀ, 28 ਜਨਵਰੀ 2021 – ਕਿਸਾਨ ਅੰਦੋਲਨ ਵਿਚਾਲੇ ਸਿੰਘੂ ਬਾਰਡਰ ‘ਤੇ ਇਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਖਿਲਾਫ ਖੁਦ ਨੂੰ ਸਥਾਨਕ ਵਾਸੀ ਦੱਸ ਰਹੇ ਕੁਝ ਲੋਕਾਂ ਦੁਆਰਾ ਹੱਥਾਂ ਵਿਚ ਬੈਨਰ ਫੜ ਕੇ ਬਾਰਡਰ ਖਾਲੀ ਕਰਨ ਦੇ ਨਾਅਰੇ ਲਾਏ ਗਏ। ਇਹ ਲੋਕ ਖੁਦ ਨੂੰ ਸਥਾਨਕ ਵਾਸੀ ਕਹਿ ਰਹੇ ਨੇ ਤੇ ਕਰੀਬ 100 ਕੁ ਦੀ ਗਿਣਤੀ ਵਿਚ ਇਹ ਲੋਕ ਇਥੇ ਆ ਕੇ ਨਾਅਰੇਬਾਜ਼ੀ ਕੀਤੀ। ਸਿੰਘੁ ਬਾਰਡਰ ਤੋਂ ਦਿੱਲੀ ਵਾਲੀ ਸ਼ਾਇਦ ਜਿਥੇ ਸਵਰਨ ਸਿੰਘ ਪੰਧੇਰ ਹੁਰਾਂ ਦੀ ਸਟੇਜ ਲੱਗੀ ਹੈ, ਇਹ ਵਾਕਿਆ ਉਸ ਜਗ੍ਹਾ ਦਾ ਹੈ। ਇਸ ਤੋਂ ਪਹਿਲਾਂ ਪੰਧੇਰ ਹੁਰਾਂ ਦੀ ਸਟੇਜ ਕੋਲ ਵੀ ਹੱਲਾ ਹੋਇਆ ਸੀ ਪਰ ਬਾਅਦ ਵਿਚ ਸ਼ਾਂਤੀ ਹੋ ਗਈ।
ਮੌਕੇ ‘ਤੇ ਖੜ੍ਹੀ ਪੁਲਿਸ ਵੱਲੋਂ ਕੋਈ ਹਰਕਤ ਨਹੀਂ ਕੀਤੀ ਜਾ ਰਹੀ। ਪੁਲਿਸ ਵਲੋਂ ਸਿੰਘੂ ਬਾਰਡਰ ‘ਤੇ ਨਵੀਂ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਅਤੇ ਸਿੰਘੂ ਤੋਂ ਦਿੱਲੀ ਨੂੰ ਜਾਣ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਆਮ ਲੋਕਾਂ ਦੇ ਨਾਲ ਹੀ ਮੀਡੀਆ ਕਰਮੀਆਂ ਨੂੰ ਵੀ ਇੱਥੋਂ ਨਹੀਂ ਲੰਘਣ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਸਿੰਘੂ ਬਾਰਡਰ ‘ਤੇ ਕਾਫ਼ੀ ਭੀੜ ਇਕੱਠੀ ਹੋਈ ਹੈ।