ਚੰਡੀਗੜ੍ਹ, 12 ਮਾਰਚ 2025 – ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਚੰਡੀਗੜ੍ਹ ਪੁਲਸ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦੇ ਹਨ ਪਰ ਪੁਲਸ ਮੁਲਾਜ਼ਮ ਰਿਸ਼ਵਤ ਲੈਣ ਤੋਂ ਹਟ ਨਹੀਂ ਰਹੇ। ਸੀ. ਬੀ. ਆਈ. ਨੇ ਮੰਗਲਵਾਰ ਨੂੰ ਸੈਕਟਰ-43 ਦੇ ਬੱਸ ਸਟੈਂਡ ਚੌਕੀ ’ਤੇ ਤਾਇਨਾਤ ਏ. ਐੱਸ. ਆਈ. ਸ਼ੇਰ ਸਿੰਘ ਅਤੇ ਵਿਚੋਲੀਏ ਨੂੰ 4500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਫੜ੍ਹੇ ਗਏ ਵਿਚੋਈਏ ਦੀ ਪਛਾਣ ਰਿੰਕੂ ਵਾਸੀ ਕਜਹੇੜੀ ਵਜੋਂ ਹੋਈ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਵਿਚੋਈਏ ਨੇ ਜ਼ਬਰਦਸਤੀ ਏ. ਐੱਸ. ਆਈ. ਨੂੰ ਪੈਸੇ ਫੜ੍ਹਾਏ ਸਨ। ਸੀ. ਬੀ. ਆਈ. ਨੂੰ ਮਿਲੀ ਦਵਿੰਦਰ ਸੰਧੂ ਦੀ ਸ਼ਿਕਾਇਤ ’ਤੇ ਏ. ਐੱਸ. ਆਈ. ਸ਼ੇਰ ਸਿੰਘ ਅਤੇ ਕਜਹੇੜੀ ਵਾਸੀ ਵਿਚੋਲੀਏ ਰਿੰਕੂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਚੈੱਕ ’ਤੇ ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ’ਚ ਸੈਕਟਰ-36 ਥਾਣਾ ਪੁਲਸ ਨੇ ਦਵਿੰਦਰ ਸੰਧੂ ’ਤੇ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਸੈਕਟਰ-43 ਚੌਂਕੀ ’ਤੇ ਤਾਇਨਾਤ ਏ. ਐੱਸ. ਆਈ. ਸ਼ੇਰ ਸਿੰਘ ਨੂੰ ਦਿੱਤੀ ਸੀ। ਏ. ਐੱਸ. ਆਈ. ਨੇ ਮਾਮਲੇ ਦੀ ਜਾਂਚ ਕੀਤੀ ਤਾਂ ਦਵਿੰਦਰ ਸੰਧੂ ਦੀ ਭੂਮਿਕਾ ਸ਼ੱਕੀ ਪਾਈ ਗਈ। ਮਾਮਲੇ ਨੂੰ ਸੈਟਲ ਕਰਨ ਲਈ ਦਵਿੰਦਰ ਸੰਧੂ ਨੇ ਕਜਹੇੜੀ ਦੇ ਰਹਿਣ ਵਾਲੇ ਰਿੰਕੂ ਨਾਲ ਸੰਪਰਕ ਕੀਤਾ। ਰਿੰਕੂ ਨੇ ਤੁਰੰਤ ਏ. ਐੱਸ. ਆਈ. ਸ਼ੇਰ ਸਿੰਘ ਨਾਲ ਮਾਮਲੇ ਸਬੰਧੀ ਗੱਲ ਕੀਤੀ।
ਦੋਸ਼ ਹੈ ਕਿ ਏ. ਐੱਸ. ਆਈ. ਨੇ ਮਾਮਲੇ ਨੂੰ ਸੈਟਲ ਕਰਨ ਲਈ ਰਿਸ਼ਵਤ ਮੰਗੀ ਸੀ। ਰਿਸ਼ਵਤ ਦੀ ਰਕਮ ਲੈ ਕੇ ਏ. ਐੱਸ. ਆਈ. ਨੇ ਮੰਗਲਵਾਰ ਸ਼ਾਮ ਨੂੰ ਰਿੰਕੂ ਨੂੰ ਸੈਕਟਰ-43 ਦੇ ਬੱਸ ਸਟੈਂਡ ਚੌਂਕੀ ’ਤੇ ਬੁਲਾਇਆ ਸੀ। ਇਸ ਦੌਰਾਨ ਸ਼ਿਕਾਇਤਕਰਤਾ ਨੇ ਸੀ. ਬੀ. ਆਈ. ਨਾਲ ਸੰਪਰਕ ਕੀਤਾ। ਦਵਿੰਦਰ ਸੰਧੂ ਨੇ ਕਿਹਾ ਕਿ ਉਹ ਰਿਸ਼ਵਤ ਦੀ ਰਕਮ ਨਹੀਂ ਦੇਣਾ ਚਾਹੁੰਦਾ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਬੱਸ ਸਟੈਂਡ ਚੌਂਕੀ ’ਤੇ ਟਰੈਪ ਲਗਾਇਆ। ਸੰਧੂ ਨੇ 4500 ਰੁਪਏ ਵਿਚੋਲੀਏ ਰਿੰਕੂ ਨੂੰ ਦਿੱਤੇ। ਰਿੰਕੂ ਨੇ ਰੁਪਏ ਏ. ਐੱਸ. ਆਈ. ਸ਼ੇਰ ਸਿੰਘ ਨੂੰ ਦਿੱਤੇ ਤਾਂ ਸੀ. ਬੀ. ਆਈ. ਨੇ ਉਸੇ ਸਮੇਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ।

ਸਵੇਰੇ 8 ਵਜੇ ਤੋਂ ਹੀ ਪੁਲਸ ਕੋਲ ਸੀ ਟਰੈਪ ਦੀ ਚਰਚਾ
ਸੀ. ਬੀ. ਆਈ. ਵੱਲੋਂ ਜਾਲ ਵਿਛਾਉਣ ਦੀ ਜਾਣਕਾਰੀ ਚੰਡੀਗੜ੍ਹ ਪੁਲਸ ਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਕੋਲ ਸਵੇਰੇ ਹੀ ਪਹੁੰਚ ਗਈ ਸੀ। ਦੁਪਹਿਰ ਤੱਕ ਸੀ. ਬੀ. ਆਈ. ਦਾ ਟਰੈਪ ਕਾਮਯਾਬ ਨਾ ਹੋਇਆ ਤਾਂ ਮੁਲਾਜ਼ਮਾਂ ਨੇ ਸੋਚਿਆ ਕਿ ਟਰੈਪ ਫੇਲ੍ਹ ਹੋ ਗਿਆ ਹੈ। ਕਰੀਬ 5 ਵਜੇ ਸੀ. ਬੀ. ਆਈ. ਨੇ ਟਰੈਪ ਲਗਾ ਕੇ ਏ. ਐੱਸ. ਆਈ. ਸ਼ੇਰ ਸਿੰਘ ਅਤੇ ਵਿਚੋਲੀਏ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ।
