- ਆਸਟ੍ਰੇਲੀਆ ਦੇ ਸਟੀਵ ਸਮਿਥ ਨੂੰ ਪਿੱਛੇ ਛੱਡਿਆ
ਨਵੀਂ ਦਿੱਲੀ, 13 ਮਾਰਚ 2025 – ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਆਈਸੀਸੀ ‘ਪਲੇਅਰ ਆਫ ਦਿ ਮੰਥ’ ਪੁਰਸਕਾਰ ਮਿਲਿਆ ਹੈ। ਉਸਨੇ ਇਹ ਪੁਰਸਕਾਰ ਆਸਟ੍ਰੇਲੀਆ ਦੇ ਸਟੀਵ ਸਮਿਥ ਅਤੇ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਨੂੰ ਪਿੱਛੇ ਛੱਡ ਕੇ ਜਿੱਤਿਆ ਹੈ। ਇਹ ਗਿੱਲ ਦਾ ਤੀਜਾ ‘ਪਲੇਅਰ ਆਫ ਦਿ ਮੰਥ’ ਪੁਰਸਕਾਰ ਹੈ, ਜਿਸਨੇ ਪਹਿਲਾਂ ਇਹ ਪੁਰਸਕਾਰ 2023 ਵਿੱਚ ਜਨਵਰੀ ਅਤੇ ਸਤੰਬਰ ਵਿੱਚ ਜਿੱਤਿਆ ਸੀ।
ਫਰਵਰੀ ਮਹੀਨੇ ਖੇਡੇ ਗਏ 5 ਵਨਡੇ ਮੈਚਾਂ ਵਿੱਚ, ਸ਼ੁਭਮਨ ਨੇ 101.50 ਦੀ ਔਸਤ ਅਤੇ 94.19 ਦੇ ਸਟ੍ਰਾਈਕ ਰੇਟ ਨਾਲ 406 ਦੌੜਾਂ ਬਣਾਈਆਂ। ਉਹ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ 3 ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ 259 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਭਾਰਤ ਨੇ ਇਹ ਲੜੀ 3-0 ਨਾਲ ਜਿੱਤੀ ਸੀ।
ਸ਼ੁਭਮਨ ਗਿੱਲ ਨੇ ਇੰਗਲੈਂਡ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਲਗਾਤਾਰ 3 ਅਰਧ ਸੈਂਕੜੇ ਲਗਾਏ ਸਨ। ਉਸਨੇ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ 87 ਦੌੜਾਂ ਬਣਾਈਆਂ। ਕਟਕ ਵਿਖੇ ਦੂਜੇ ਇੱਕ ਰੋਜ਼ਾ ਮੈਚ ਵਿੱਚ 60 ਦੌੜਾਂ ਬਣਾਈਆਂ। ਇਸ ਤੋਂ ਬਾਅਦ, ਅਹਿਮਦਾਬਾਦ ਵਿੱਚ ਸੈਂਕੜਾ ਲਗਾ ਕੇ, ਉਸਨੇ ਭਾਰਤੀ ਟੀਮ ਲਈ ਲੜੀ ਜਿੱਤ ਲਈ। ਉਸਨੇ ਸਿਰਫ਼ 102 ਗੇਂਦਾਂ ਵਿੱਚ 112 ਦੌੜਾਂ ਬਣਾਈਆਂ ਅਤੇ ਇਸ ਵਿੱਚ 14 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਗਿੱਲ ਨੂੰ ਇਸ ਪਾਰੀ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਅਤੇ ਉਸਨੂੰ ਪਲੇਅਰ ਆਫ਼ ਦ ਸੀਰੀਜ਼ ਦਾ ਪੁਰਸਕਾਰ ਵੀ ਮਿਲਿਆ।

ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਪਹਿਲੇ ਮੈਚ ਵਿੱਚ ਅਜੇਤੂ 101 ਦੌੜਾਂ ਬਣਾਈਆਂ। ਉਸਨੇ ਬੰਗਲਾਦੇਸ਼ ਖਿਲਾਫ ਆਪਣੀ ਪਾਰੀ ਵਿੱਚ 9 ਚੌਕੇ ਅਤੇ 2 ਛੱਕੇ ਵੀ ਲਗਾਏ। 23 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਵੱਡੇ ਮੈਚ ਵਿੱਚ, ਉਸਨੇ 7 ਚੌਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ। ਉਹ ਟੂਰਨਾਮੈਂਟ ਵਿੱਚ ਭਾਰਤ ਲਈ ਤੀਜਾ ਸਭ ਤੋਂ ਵੱਧ ਸਕੋਰਰ ਸੀ। ਉਸਨੇ 5 ਮੈਚਾਂ ਵਿੱਚ 188 ਦੌੜਾਂ ਬਣਾਈਆਂ।
