SKM ਵੱਲੋਂ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ

  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੀ ਖੁੱਲੀ ਡਿਬੇਟ ਦੀ ਚੁਣੌਤੀ ਨੂੰ ਕਬੂਲ ਕਰਨ ਤੋਂ ਇਨਕਾਰੀ
  • ਐੱਸਕੇਐੱਮ ਦੀ ਮੀਟਿੰਗ ਵਿੱਚ ਨਾ ਪਹੁੰਚੇ ਭਗਵੰਤ ਸਿੰਘ ਮਾਨ-ਲੋਕਾਂ ਨੂੰ ਗੁੰਮਰਾਹ ਕਰਨ ਲਈ ਬੋਲਿਆ ਝੂਠ ਬੇਪਰਦ
  • ਮਈ ਮਹੀਨੇ ਜਲੰਧਰ ਅੰਮ੍ਰਿਤਸਰ ਅਤੇ ਬਰਨਾਲਾ ਵਿਖੇ ਕੀਤੀਆਂ ਜਾਣਗੀਆਂ ਤਿੰਨ ਕਿਸਾਨ ਮਹਾਂ ਪੰਚਾਇਤਾਂ
  • ਚਾਰ ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸਾਰੇ ਤਬਕਿਆਂ ਨਾਲ ਸਾਂਝ ਉਸਾਰਨ ਲਈ ਕੀਤਾ ਜਾਵੇਗਾ ਸੈਮੀਨਾਰ
  • ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ

ਚੰਡੀਗੜ੍ਹ, 16 ਮਾਰਚ, 2025: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਡਾਕਟਰ ਦਰਸ਼ਨ ਪਾਲ, ਜੰਗਵੀਰ ਸਿੰਘ ਚੌਹਾਨ ਅਤੇ ਬਿੰਦਰ ਸਿੰਘ ਗੋਲੇਵਾਲਾ ਨੇ ਕੀਤੀ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਹੋਈ ਸੀ ਕਿ ਉਹ ਆਪਣੇ ਮੰਤਰੀਆਂ ਸਮੇਤ ਕਿਸਾਨ ਭਵਨ ਵਿੱਚ ਆ ਕੇ ਸਾਬਤ ਕਰਨ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਕਿਵੇਂ ਸਬੰਧਤ ਨਹੀਂ ਹਨ ? ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਲਈ ਤਿੰਨ ਕੁਰਸੀਆਂ ਖਾਲੀ ਰੱਖੀਆਂ ਹੋਈਆਂ ਸਨ ਪਰ ਸ਼ਾਮ ਦੇ ਤਿੰਨ ਵਜੇ ਤੱਕ ਉਡੀਕ ਕਰਨ ਦੇ ਬਾਵਜੂਦ ਮੁੱਖ ਮੰਤਰੀ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਮੀਟਿੰਗ ਵਿੱਚ ਨਾ ਪਹੁੰਚਣ ਤੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੋਲਿਆ ਗਿਆ ਝੂਠ ਬੇਪਰਦ ਹੋ ਗਿਆ ਹੈ।

ਐੱਸਕੇਐੱਮ ਨੇ ਸਰਬਸੰਮਤੀ ਨਾਲ ਐਲਾਨ ਕੀਤਾ ਕਿ 26 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਮੌਕੇ ਸੂਬੇ ਦੇ ਕਿਸਾਨ ਮਜ਼ਦੂਰ ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਊਂਡ ਵਿੱਚ ਇਕੱਠੇ ਹੋਣਗੇ ਅਤੇ ਉਥੋਂ ਆਪਣਾ ਰੋਸ ਜਾਹਿਰ ਕਰਨ ਲਈ ਵਿਧਾਨ ਸਭਾ ਵੱਲ ਮਾਰਚ ਕਰਨਗੇ।

ਐੱਸਕੇਐੱਮ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਦੂਸਰੇ ਤਬਕਿਆਂ ਦੇ ਵਿਰੋਧੀ ਬਣਾ ਕੇ ਪੇਸ਼ ਕਰਨ ਦੇ ਬਿਰਤਾਂਤ ਨੂੰ ਫੇਲ੍ਹ ਕਰਨ ਅਤੇ ਕਾਰਪੋਰੇਟ ਵਿਰੋਧੀ ਸੰਘਰਸ਼ ਵਿੱਚ ਦੂਸਰੇ ਤਬਕਿਆਂ ਨਾਲ ਸਾਂਝ ਉਸਾਰਨ ਲਈ 4 ਮਈ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੰਜਾਬ ਦੇ ਸਮੂਹ ਮਜ਼ਦੂਰ, ਮੁਲਾਜ਼ਮ, ਸਨਅਤਕਾਰ, ਵਪਾਰੀਆਂ ਆੜਤੀ, ਟਰੱਕ ਅਤੇ ਟੈਕਸੀ ਅਪਰੇਟਰਾਂ ਅਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਨਾਲ ਸੰਵਾਦ ਰਚਾਉਣ ਲਈ ਇਕ ਸੈਮੀਨਾਰ ਕੀਤਾ ਜਾਵੇਗਾ। ਇਸਤੋਂ ਇਲਾਵਾਂ ਪੰਜਾਬ ਦੇ ਲੋਕਾਂ ਨੂੰ ਕਾਰਪੋਰੇਟ ਨੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।

ਐੱਸਕੇਐੱਮ ਨੇ ਐਲਾਨ ਕੀਤਾ ਕਿ ਮਈ ਮਹੀਨੇ ਦੌਰਾਨ ਬਰਨਾਲਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਵਿਸ਼ਾਲ ਕਿਸਾਨ ਮਹਾ ਪੰਚਾਇਤਾਂ ਵੀ ਕੀਤੀਆਂ ਜਾਣਗੀਆਂ। 23 ਮਾਰਚ 2025 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ ਜਾਵੇਗਾ।

ਐੱਸਕੇਐੱਮ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਵੱਲੋਂ ਲੇਲੇਵਾਲਾ ਵਿਖੇ ਗੈਸ ਪਾਈਪ ਲਈ ਜ਼ਮੀਨ ਤੇ ਜਬਰੀ ਕਬਜ਼ਾ ਕਰਨ, ਗੁਰਦਾਸਪੁਰ ਅਤੇ ਹੋਰ ਥਾਵਾਂ ਤੇ ਭਾਰਤ ਮਾਲਾ ਪ੍ਰੋਜੈਕਟ ਲਈ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਜਬਰੀ ਕਬਜ਼ਾ ਕਰਨ ਅਤੇ ਕਿਸਾਨਾਂ ਤੇ ਜਬਰ ਕਰਨ ਦਾ ਸਖਤ ਨੋਟਿਸ ਲੈਂਦਿਆਂ ਇਸ ਦੀ ਨਿਖੇਧੀ ਕੀਤੀ ।

ਇਸ ਤੋਂ ਇਲਾਵਾ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਲਈ ਖੋਲ੍ਹਣ ਤੇ ਜ਼ੋਰ ਦੇਣ ਲਈ ਭਾਰਤ ਸਰਕਾਰ ਦੀ ਬਾਂਹ ਮਰੋੜਣ ਦਾ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ ਹੈ ਕਿ ਦੇਸ਼ ਅਤੇ ਕਿਸਾਨ ਵਿਰੋਧੀ ਕੋਈ ਵੀ ਸਮਝੌਤਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਕਾਰਪੋਰੇਟ ਵਿਰੋਧੀ ਮੁਹਿੰਮ ਦੌਰਾਨ ਅਮਰੀਕਾ ਅਤੇ ਯੂਰਪੀ ਯੂਨੀਅਨ ਵਲੋਂ ਖੇਤੀ ਖੇਤਰ ਨੂੰ ਖੋਲ੍ਹਣ ਲਈ ਮੁਕਤ ਵਪਾਰ ਸਮਝੌਤੇ ਕਰਨ ਦੀ ਯੋਜਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਰਾਮਿੰਦਰ ਸਿੰਘ ਪਟਿਆਲਾ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆ, ਸਤਨਾਮ ਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ, ਗੁਰਵਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਗੁਰਦੀਪ ਸਿੰਘ ਰਾਮਪੁਰਾ, ਬਲਦੇਵ ਸਿੰਘ ਨਿਹਾਲਗੜ੍ਹ, ਰੂਪ ਬਸੰਤ ਸਿੰਘ, ਗੁਰਪ੍ਰੀਤ ਸਿੰਘ ਔਲਖ, ਵੀਰ ਸਿੰਘ ਬੜਵਾ, ਬੂਟਾ ਸਿੰਘ ਸ਼ਾਦੀਪੁਰ, ਮੁਕੇਸ਼ ਚੰਦਰ ਸ਼ਰਮਾ, ਝੰਡਾ ਸਿੰਘ ਜੇਠੂਕੇ, ਜਗਮੋਹਨ ਸਿੰਘ ਪਟਿਆਲਾ, ਵੀਰਪਾਲ ਸਿੰਘ ਢਿੱਲੋ, ਗੁਰਨਾਮ ਸਿੰਘ ਭੀਖੀ ਅਤੇ ਅੰਗਰੇਜ਼ ਸਿੰਘ ਭਦੌੜ ਸ਼ਾਮਲ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੋ ਨਵੇਂ ਰੂਟਾਂ ਉੱਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਵਿਖਾਈ

ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਦੋ ਹਵਾਲਾ ਆਪਰੇਟਰ ਗ੍ਰਿਫਤਾਰ; 17.60 ਲੱਖ ਰੁਪਏ, 4000 ਡਾਲਰ ਬਰਾਮਦ