ਗੁਰਦਾਸਪੁਰ, 17 ਮਾਰਚ 2025 – ਬੀਤੀ 16 ਮਾਰਚ ਦੀ ਰਾਤ ਨੂੰ ਕਰੀਬ 8 ਵਜੇ ਕਸਬਾ ਉਧਨਵਾਲ ਦੇ ਇੱਕ ਪੈਟਰੋਲ ਪੰਪ ਤੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਪੰਪ ਦੇ ਕਰਿੰਦਿਆਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਰੂਪ ‘ਚ ਜਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਸਬਾ ਉਧਨਵਾਲ ਦੇ ਫਰੈਂਡਜ਼ ਫਿਲਿੰਗ ਸਟੇਸ਼ਨ ਤੇ ਐਤਵਾਰ ਦੀ ਰਾਤ ਕਰੀਬ 8 ਵਜੇ ਇੱਕ ਮੋਟਰਸਾਈਕਲ ‘ਤੇ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਹਨਾਂ ਨੇ ਪੈਟਰੋਲ ਪੰਪ ਦੇ ਕਰੰਦਿਆਂ ਤੋਂ ਪਿਸਤੌਲ ਦਿਖਾ ਕੇ ਨਗਦੀ ਦੀ ਮੰਗ ਕੀਤੀ। ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ ਵਿਰੋਧ ਕਰਨ ਤੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ।
ਲੁਟੇਰਿਆਂ ਵੱਲੋਂ ਚਲਾਈ ਗੋਲੀ ‘ਚ ਪੈਟਰੋਲ ਪੰਪ ਇੱਕ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਦੂਜਾ ਮੁਲਾਜ਼ਮ ਗੰਭੀਰ ਰੂਪ ਚ ਜਖਮੀ ਹੋ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਕੇਵਲ ਸਿੰਘ ਉਮਰ ਕਰੀਬ 40 ਸਾਲ ਵਾਸੀ ਹਿਮਾਚਲ ਵਜੋਂ ਹੋਈ ਹੈ। ਜਦਕਿ ਗੋਲੀ ਲੱਗਣ ਨਾਲ ਗੰਭੀਰ ਜਖਮੀ ਨੌਜਵਾਨ ਦੀ ਪਛਾਣ ਰਵੀ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਹਿਮਾਚਲ ਵਜੋਂ ਹੋਈ ਹੈ।

ਸਿਵਿਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਕੇਵਲ ਸਿੰਘ ਦੀ ਮੌਤ ਹੋ ਗਈ ਹੈ ਅਤੇ ਗੋਲੀ ਨਾਲ ਜ਼ਖਮੀ ਹੋਏ ਵਿਅਕਤੀ ਰਵੀ ਕੁਮਾਰ ਦੀ ਹਾਲਤ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਘੁਮਾਣ ਦੇ ਅਧੀਨ ਆਉਂਦੀ ਪੁਲਿਸ ਚੌਕੀ ਉਧਨਵਾਲ ਦੇ ਇੰਚਾਰਜ ਪੰਜਾਬ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਦੀ ਪੈੜ ਨੱਪੀ ਜਾ ਰਹੀ ਹੈ।
