- ਪੁਲਿਸ ਦੀ ਹਾਜ਼ਰੀ ਵਿੱਚ ਸ਼ਾਂਤਮਈ ਅੰਦੋਲਨ ਵਿੱਚ ਹੁੱਲੜਬਾਜ਼ੀ ਪੈਦਾ ਕਰਕੇ ਸ਼ਰਾਰਤੀ ਅਨਸਰਾਂ ਨੇ ਜਮਹੂਰੀਅਤ ਦਾ ਘਾਣ ਕੀਤਾ
- ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਭਾਜਪਾ ਹਰ ਹੀਲਾ ਵਰਤਣ ਲੱਗੀ
- ਗਾਜ਼ੀਪੁਰ ਤੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸੂਝ-ਬੂਝ ਨੇ ਭਾਜਪਾ ਦੇ ਮਨਸੂਬੇ ਫੇਲ੍ਹ ਕੀਤੇ
ਚੰਡੀਗੜ੍ਹ, 29 ਜਨਵਰੀ 2021 – ਕੌਮੀ ਰਾਜਧਾਨੀ ਦੀਆਂ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਭਾਜਪਾ ਦੇ ਗੁੰਡਿਆਂ ਵੱਲੋਂ ਕੀਤਾ ਨੰਗਾ ਨਾਚ ਭਾਰਤੀ ਜਮਹੂਰੀਅਤ ‘ਤੇ ਕਾਲਾ ਧੱਬਾ ਹੈ ਜਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਤਾਰ ਚੁੱਪ ਅਜਿਹੇ ਅਨਸਰਾਂ ਨੂੰ ਹੋਰ ਵੀ ਸ਼ਹਿ ਦਿੰਦੀ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਰਦਿਆਂ ਪ੍ਰਧਾਨ ਮੰਤਰੀ ਨੂੰ ਭਾਜਪਾਈ ਗੁੰਡਿਆਂ ‘ਤੇ ਨੱਥ ਪਾਉਣ ਲਈ ਕਿਹਾ।
ਰੰਧਾਵਾ ਨੇ ਕਿਹਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਸਿੰਘੂ ਬਾਰਡਰ ਵਿਖੇ ਪੁਲਿਸ ਦੀ ਹਾਜ਼ਰੀ ਵਿੱਚ ਭਾਜਪਾ ਸਮਰਥਕਾਂ ਵੱਲੋਂ ਕੀਤੀ ਹੁੱਲੜਬਾਜ਼ੀ ਨੇ ਜਮਹੂਰੀਅਤ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਸਮੁੱਚੇ ਦੇਸ਼ ਵਿੱਚ ਉਠੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਪਹਿਲਾਂ ਤਾਂ ਇਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਨਕਸਲੀ, ਅਤਿਵਾਦੀ, ਖਾਲਿਸਤਾਨੀ ਨਾਲ ਜੋੜ ਕੇ ਕੋਝੀਆਂ ਚਾਲਾਂ ਚੱਲੀਆਂ ਗਈ ਅਤੇ ਜਦੋਂ ਕੇਂਦਰ ਦੇ ਮਨਸੂਬੇ ਇਹ ਸਫਲ ਨਹੀਂ ਹੋਏ ਤਾਂ ਹੁਣ ਭਾਜਪਾ ਵੱਲੋਂ ਆਪਣੇ ਭਾੜੇ ਦੇ ਗੁੰਡਿਆਂ ਤੋਂ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦੀਆਂ ਨੀਵੇਂ ਪੱਧਰ ਦੀਆਂ ਘਿਣਾਉਣੀਆਂ ਚਾਲਾਂ ਚੱਲ ਰਹੀਆਂ ਹਨ।
ਰੰਧਾਵਾ ਨੇ ਕਿਸਾਨਾਂ ਦੀ ਪਿੱਠ ਥਾਪੜਦਿਆਂ ਉਨ੍ਹਾਂ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਹੁਣ ਤੱਕ ਉਨ੍ਹਾਂ ਵੱਲੋਂ ਦਿਖਾਈ ਸ਼ਹਿਣਸੀਲਤਾ ਨੇ ਜਿੱਥੇ ਆਮ ਲੋਕਾਂ ਦਾ ਦਿਲ ਜਿੱਤਿਆ ਉਥੇ ਬੀਤੀ ਰਾਤ ਤੋਂ ਗਾਜ਼ੀਪੁਰ ਤੇ ਸਿੰਘੂ ਬਾਰਡਰ ਵਿਖੇ ਕਿਸਾਨਾਂ ਵੱਲੋਂ ਆਪਣੀ ਸੂਝ-ਬੂਝ ਨਾਲ ਕੇਂਦਰ ਦੇ ਮਨਸੂਬਿਆਂ ਨੂੰ ਫੇਲ੍ਹ ਕਰ ਦਿੱਤਾ ਗਿਆ। ਕੇਂਦਰ ਸਰਕਾਰ ਸਥਾਨਕ ਵਾਸੀਆਂ ਦੇ ਨਾਂ ਉਤੇ ਇਹ ਗੁੰਡਾਗਰਦੀ ਦਾ ਇਹ ਨੰਗਾ ਨਾਚ ਨੱਚ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਸਭ ਤੋਂ ਵੱਡੀ ਖਾਸੀਅਤ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸ਼ਾਂਤਮਈ ਅੰਦੋਲਨ ਹੈ ਪਰ ਕੇਂਦਰ ਸਰਕਾਰ ਨੂੰ ਇਹ ਰਾਸ ਨਹੀਂ ਆ ਰਿਹਾ ਹੈ ਜਿਸ ਕਰਕੇ ਉਹ ਆਪਣੀਆਂ ਗੰਦੀਆਂ ਚਾਲਾਂ ਚੱਲਦੀ ਹੋਈ ਵਾਰ-ਵਾਰ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਆਪਣੀਆਂ ਇਨ੍ਹਾਂ ਹਰਕਤਾਂ ਲਈ ਗੰਭੀਰ ਨਤੀਜੇ ਭੁਗਤਣੇ ਪੈਣਗੇ ਜਿਸ ਲਈ ਸਮੁੱਚਾ ਦੇਸ਼ ਭਾਜਪਾ ਨੂੰ ਕਦੇਂ ਮੁਆਫ ਨਹੀਂ ਕਰੇਗਾ।