ਅਮਰਿੰਦਰ ਨੇ ਸਿੰਘੂ ਬਾਰਡਰ ‘ਤੇ ਵਾਪਰੀ ਹਿੰਸਾ ਦੀ ਕੀਤੀ ਨਿੰਦਾ, ਕਿਹਾ ਇਹੋ ਕੁਝ ਚਾਹੁੰਦਾ ਹੈ ਪਾਕਿਸਤਾਨ

  • ਕੇਂਦਰ ਕੋਲੋਂ ਮੁਕੰਮਲ ਜਾਂਚ ਕਰਵਾਉਣ ਦੀ ਮੰਗ
  • ਸ਼ਰਾਰਤੀ ਤੱਤ ਸਥਾਨਕ ਵਾਸੀ ਸਨ, ਇਸ ਗੱਲ ਦਾ ਯਕੀਨ ਹੀ ਨਹੀਂ ਆਉਂਦਾ
  • ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਜਾਰੀ ਰਹਿਣ ‘ਤੇ ਦਿੱਤਾ ਜ਼ੋਰ, ‘ਮੈਂ ਹੁਣ ਤੱਕ ਮਸਲੇ ਦਾ ਹੱਲ ਕਰ ਦਿੰਦਾ’

ਚੰਡੀਗੜ੍ਹ, 30 ਜਨਵਰੀ 2021 – ਸਿੰਘੂ ਬਾਰਡਰ ਉਤੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਅੱਜ ਕੀਤੀ ਹਿੰਸਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਖੌਤੀ ਸਥਾਨਕ ਵਾਸੀਆਂ ਦੀ ਸ਼ਨਾਖਤ ਕਰਨ ਲਈ ਵਿਸਥਾਰਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੇ ਮਿੱਥ ਕੇ ਪੁਲਿਸ ਦੇ ਸਖਤ ਸੁਰੱਖਿਆ ਘੇਰਾ ਤੋੜ ਕੇ ਕਿਸਾਨਾਂ ਅਤੇ ਉਨ੍ਹਾਂ ਦੇ ਸਮਾਨ ‘ਤੇ ਹਮਲਾ ਕੀਤਾ ਹੈ।

ਮੁੱਖ ਮੰਤਰੀ ਨੇ ਪੁੱਛਿਆ, ”ਕੀ ਇਹ ਸੱਚਮੁੱਚ ਹੀ ਸਥਾਨਕ ਵਾਸੀ ਸਨ?” ਉਨ੍ਹਾਂ ਨੇ ਇਸ ਗੱਲ ਦੀ ਤਹਿ ਤੱਕ ਜਾਂਚ ਕਰਨ ਲਈ ਆਖਿਆ ਕਿ ਇਹ ਹੁੱਲੜਬਾਜ਼ ਕੌਣ ਸਨ ਅਤੇ ਕਿੱਥੋਂ ਆਏ ਸਨ। ਉਨ੍ਹਾਂ ਕਿਹਾ, ”ਮੈਂ ਇਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਸਥਾਨਕ ਲੋਕ ਕਿਸਾਨਾਂ ਨਾਲ ਅਜਿਹਾ ਵਰਤਾਓ ਕਰ ਸਕਦੇ ਹਨ। ਹੁੱਲੜਬਾਜ਼ਾਂ ਨੂੰ ਗੜਬੜ ਫੈਲਾਉਣ ਦੇ ਇਰਾਦੇ ਨਾਲ ਕਿਸੇ ਹੋਰ ਥਾਂ ਤੋਂ ਲਿਆਂਦਾ ਜਾਪਦਾ ਹੈ।” ਉਨ੍ਹਾਂ ਕਿਹਾ ਕਿ ਸਥਾਨਕ ਵਾਸੀਆਂ ਵੱਲੋਂ ਕਿਸਾਨਾਂ ਨੂੰ ਗੱਦਾਰ ਕਿਹਾ ਜਾਣਾ, ਇਸ ਗੱਲ ਦੇ ਸੱਚ ਹੋਣ ਬਾਰੇ ਉਹ ਵਿਸ਼ਵਾਸ ਹੀ ਨਹੀਂ ਕਰ ਸਕਦੇ।

ਲਾਲ ਕਿਲੇ ਉਤੇ ਹੋਈ ਹਿੰਸਾ ਦੇ ਮੱਦੇਨਜ਼ਰ ਕਿਸਾਨਾਂ ਖਿਲਾਫਾਂ ਵਿੱਢੀ ਗਈ ਬਦਨਾਮ ਕਰਨ ਦੀ ਮੁਹਿੰਮ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਇਸੇ ਢੰਗ ਨਾਲ ਬਦਨਾਮ ਕੀਤਾ ਜਾਂਦਾ ਰਿਹਾ ਤਾਂ ਇਸ ਨਾਲ ਸਾਡੀਆਂ ਸੁਰੱਖਿਆ ਸੈਨਾਵਾਂ ਜਿਨ੍ਹਾਂ ਵਿੱਚ ਪੰਜਾਬੀਆਂ ਦੀ 20 ਫੀਸਦੀ ਸ਼ਮੂਲੀਅਤ ਹੈ, ਦਾ ਮਨੋਬਲ ਟੁੱਟ ਜਾਵੇਗਾ। ਉਨ੍ਹਾਂ ਨੇ ਹੋਰ ਵੀ ਸਾਵਧਾਨ ਕਰਦਿਆਂ ਕਿਹਾ ਕਿ ਕਿਸਾਨਾਂ ਖਿਲਾਫ ਦੁਸ਼ਪ੍ਰਚਾਰ ਕਰਨ ਨਾਲ ਵੰਡੀਆਂ ਪੈ ਸਕਦੀਆਂ ਹਨ ਜਿਸ ਨਾਲ ਪੰਜਾਬ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਮੀਡੀਆ ਨੂੰ ਵੀ ਸਥਿਤੀ ਨਾਲ ਸੰਜੀਦਗੀ ਅਤੇ ਸਹੀ ਢੰਗ ਨਾਲ ਨਜਿੱਠਣ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਜੋ ਕੁੱਝ ਹੋ ਰਿਹਾ ਅਤੇ ਜਿਹੜਾ ਕੁੱਝ ਅੱਜ ਸਿੰਘੂ ਬਾਰਡਰ ਉਤੇ ਹੋਇਆ, ਅਜਿਹਾ ਸਭ ਕੁੱਝ ਹੀ ਹੈ ਜੋ ਪਾਕਿਸਤਾਨ ਚਾਹੁੰਦਾ ਹੈ।” ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਹੀ ਇਸ ਗੱਲ ਤੋਂ ਚੌਕਸ ਕਰਦੇ ਆ ਰਹੇ ਹਨ ਕਿ ਪਾਕਿਸਤਾਨ, ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਬੇਚੈਨੀ ਪੈਦਾ ਕਰਨ ਲਈ ਇਸ ਮੌਕੇ ਨੂੰ ਵਰਤਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਇਹੋ ਨੁਕਤਾ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਸਾਂਝਾ ਕੀਤਾ ਸੀ ਅਤੇ ਇਸ ਮੀਟਿੰਗ ਉਪਰ ਹੀ ਹੋ-ਹੱਲਾ ਮਚਾਇਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਸੀ ਕਿ ਪਾਕਿਸਤਾਨ ਤੋਂ ਹਥਿਆਰ, ਨਸ਼ੇ ਆਦਿ ਡਰੋਨਾਂ ਰਾਹੀਂ ਆ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਫੜੇ ਵੀ ਗਏ ਅਤੇ ਕੁੱਝ ਲੰਘ ਵੀ ਗਏ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਨੂੰ ਕਿਸਾਨ ਅੰਦੋਲਨ ਦੌਰਾਨ ਹੋਈ ਤਾਜ਼ਾ ਗੜਬੜ ਅਤੇ ਹਿੰਸਾ ਵਿੱਚ ਪਾਕਿਸਤਾਨ ਦੀ ਸੰਭਾਵੀ ਭੂਮਿਕਾ ਦੀ ਜਾਂਚ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਸਮੱਸਿਆ ਦੇ ਹੱਲ ਲਈ ਗੱਲਬਾਤ ਦਾ ਰਾਹ ਜਾਰੀ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, ”ਮੈਂ ਹੁਣ ਤੱਕ ਇਸ ਮਸਲੇ ਨੂੰ ਸੁਲਝਾ ਦਿੰਦਾ।” ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਦੋਵੇਂ ਧਿਰਾਂ ਨੂੰ ਦੋਸਤ ਵਜੋਂ ਗੱਲ ਕਰਨੀ ਚਾਹੀਦੀ ਹੈ, ਨਾ ਕਿ ਦੁਸ਼ਮਣ ਵਜੋਂ। ਉਨ੍ਹਾਂ ਕਿਹਾ ਕਿ ਇਸ ਦਾ ਸਹੀ ਰਾਹ ਕੱਢਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦ ਦੌਰਾਨ ਪੰਜਾਬ ਬਹੁਤ ਮਾੜੇ ਸਮੇਂ ਵਿਚੋਂ ਗੁਜ਼ਰਿਆ ਹੈ, ਹੁਣ ਕੋਈ ਗੜਬੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਸਾਨਾਂ ਨੂੰ ਗਲਤ ਨਾਮ ਨਾਲ ਪੇਸ਼ ਕਰਨ ਵਾਲਿਆਂ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਹਨ ਪਰ ਤੁਸੀਂ ਕਿਸਾਨਾਂ ਨੂੰ ਖੱਬੇਪੱਖੀ, ਮਾਓਵਾਦੀ, ਨਕਸਲੀ ਅਤੇ ਖਾਲਿਸਤਾਨੀ ਦੇ ਨਾਵਾਂ ਨਾਲ ਨਹੀਂ ਜੋੜ ਸਕਦੇ।

ਕਿਸਾਨਾਂ ਦੇ ਅੰਦੋਲਨ ਪਿੱਛੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦਾ ਹੱਥ ਹੋਣ ਦੇ ਦੋਸ਼ਾਂ ‘ਤੇ ਪ੍ਰਤੀਕਰਮ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਦੁਖਦਾਈ ਹੈ ਕਿ ਭਾਜਪਾ ਇਹ ਸਮਝਣ ਦੀ ਕੋਸ਼ਿਸ਼ ਕੀਤੇ ਬਗੈਰ ਅਜਿਹੇ ਦੋਸ਼ ਲਾ ਰਹੀ ਹੈ ਕਿ ਅਸਲ ਵਿੱਚ ਕਿਸਾਨ ਨਾਰਾਜ਼ ਕਿਉਂ ਹਨ, ਉਹ ਇਹ ਕਾਨੂੰਨਾਂ ਕਿਉਂ ਨਹੀਂ ਚਾਹੁੰਦੇ।” ਉਨ੍ਹਾਂ ਕਿਹਾ, ”ਸਾਡੇ ਕੋਲ ਛੋਟੇ ਕਿਸਾਨ ਹਨ ਅਤੇ ਐਮ.ਐਸ.ਪੀ. ਜਾਂ ਆੜ੍ਹਤੀਆ ਪ੍ਰਣਾਲੀ ਦੇ ਖਤਮ ਹੋਣ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।” ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਮਾਨਸਿਕਤਾ ਨੂੰ ਨਹੀਂ ਸਮਝ ਰਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਦੀ ਅਗਵਾਈ ਕੀਤੀ ਪਰ ਹੁਣ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ।
ਮੁੱਖ ਮੰਤਰੀ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਅਤੇ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ, ਇਸੇ ਕਰਕੇ ਉਨ੍ਹਾਂ ਨੇ ਸੂਬੇ ਵਿਚ ਆਪਣੇ ਬਿੱਲ ਪਾਸ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਰ ਕਿਸਾਨ ਦਾ ਦਿਲ ਇਸ ਸਮੇਂ ਦਿੱਲੀ ਦੀਆਂ ਸਰਹੱਦਾਂ ‘ਤੇ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਦਮਨ ਨਾਲ ਨਹੀਂ ਦੱਬੇਗਾ ਕਿਸਾਨ ਅੰਦੋਲਨ, ਹੋਰ ਮਜ਼ਬੂਤ ਹੋ ਕੇ ਅੱਗੇ ਵਧੇਗਾ : ਹਰਪਾਲ ਚੀਮਾ

ਆਖਰ ਕਿਸਾਨਾਂ ਦੇ ਮੁੱਦੇ ‘ਤੇ ਮੋਦੀ ਨੇ ਤੋੜੀ ਚੁੱਪ, ਪੜ੍ਹੋ ਕੀ ਕਿਹਾ ?