ਮੁੰਬਈ, 8 ਅਪ੍ਰੈਲ 2025 – ਮੁੰਬਈ ਦੀ ਇੱਕ ਅਦਾਲਤ ਨੇ ਅਦਾਕਾਰਾ ਮਲਾਇਕਾ ਅਰੋੜਾ ਵਿਰੁੱਧ 2012 ਵਿੱਚ ਅਦਾਕਾਰ ਸੈਫ ਅਲੀ ਖਾਨ ਵੱਲੋਂ ਇੱਕ ਐੱਨ.ਆਰ.ਆਈ. ਕਾਰੋਬਾਰੀ ‘ਤੇ ਕੀਤੇ ਗਏ ਕਥਿਤ ਹਮਲੇ ਨਾਲ ਸਬੰਧਤ ਇੱਕ ਮਾਮਲੇ ਵਿੱਚ ਗਵਾਹ ਵਜੋਂ ਪੇਸ਼ ਨਾ ਹੋਣ ‘ਤੇ ਫਿਰ ਤੋਂ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਮਲਾਇਕਾ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜੋ 22 ਫਰਵਰੀ 2012 ਨੂੰ ਖਾਨ ਨਾਲ ਉਸ 5 ਸਿਤਾਰਾ ਹੋਟਲ ਵਿੱਚ ਡਿਨਰ ਕਰਨ ਗਈ ਸੀ, ਜਿੱਥੇ ਇਹ ਕਥਿਤ ਘਟਨਾ ਵਾਪਰੀ ਸੀ।
ਮੁੱਖ ਨਿਆਇਕ ਮੈਜਿਸਟ੍ਰੇਟ (ਐਸਪਲੇਨੇਡ ਕੋਰਟ) ਕੇ. ਐੱਸ. ਝਾਵਰ ਇਸ ਮਾਮਲੇ ਵਿੱਚ ਗਵਾਹਾਂ ਦੇ ਬਿਆਨ ਦਰਜ ਕਰ ਰਹੇ ਹਨ। ਅਦਾਲਤ ਨੇ ਸਭ ਤੋਂ ਪਹਿਲਾਂ 15 ਫਰਵਰੀ ਨੂੰ ਮਲਾਇਕਾ ਅਰੋੜਾ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਈ। ਇਸ ਤੋਂ ਬਾਅਦ, ਅਦਾਲਤ ਨੇ ਸੋਮਵਾਰ ਨੂੰ ਦੁਬਾਰਾ ਵਾਰੰਟ ਜਾਰੀ ਕੀਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਪ੍ਰੈਲ ਨੂੰ ਹੋਵੇਗੀ। ਸੈਫ ਅਲੀ ਖਾਨ ਅਤੇ ਦੋ ਹੋਰ ਦੋਸ਼ੀਆਂ ਨੂੰ ਐੱਨ.ਆਰ.ਆਈ. ਕਾਰੋਬਾਰੀ ਇਕਬਾਲ ਮੀਰ ਸ਼ਰਮਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਤਿੰਨਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਜਦੋਂ ਇਹ ਲੜਾਈ ਹੋਈ, ਉਸ ਸਮੇਂ ਸੈਫ ਅਲੀ ਖਾਨ ਆਪਣੀ ਪਤਨੀ ਕਰੀਨਾ ਕਪੂਰ, ਕਰੀਨਾ ਦੀ ਭੈਣ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ ਅਤੇ ਕੁਝ ਦੋਸਤਾਂ ਨਾਲ ਮੁੰਬਈ ਦੇ ਇੱਕ 5 ਸਿਤਾਰਾ ਹੋਟਲ ਵਿੱਚ ਰਾਤ ਦੇ ਖਾਣੇ ਲਈ ਗਏ ਸਨ। ਇਸ ਦੌਰਾਨ, ਐੱਨ.ਆਰ.ਆਈ. ਕਾਰੋਬਾਰੀ ਇਕਬਾਲ ਮੀਰ ਸ਼ਰਮਾ ਵੱਲੋਂ ਸੈਫ ਅਤੇ ਉਸਦੇ ਦੋਸਤਾਂ ਨੂੰ ਰੌਲਾ ਪਾਉਣ ਤੋਂ ਰੋਕਿਆ ਤਾਂ ਸੈਫ ਨੇ ਕਥਿਤ ਤੌਰ ‘ਤੇ ਇਕਬਾਲ ਮੀਰ ਸ਼ਰਮਾ ਨੂੰ ਧਮਕੀ ਦਿੱਤੀ ਅਤੇ ਉਸਦੇ ਨੱਕ ‘ਤੇ ਮੁੱਕਾ ਮਾਰਿਆ, ਜਿਸ ਨਾਲ ਉਸਦੀ ਨੱਕ ਦੀ ਹੱਡੀ ਟੁੱਟ ਗਈ। ਇਕਬਾਲ ਨੇ ਇਹ ਵੀ ਦੋਸ਼ ਲਗਾਇਆ ਕਿ ਸੈਫ ਅਤੇ ਉਸਦੇ ਦੋਸਤਾਂ ਨੇ ਉਸਦੇ ਸਹੁਰੇ ਰਮਨ ਪਟੇਲ ਦੀ ਵੀ ਕੁੱਟਮਾਰ ਕੀਤੀ।

ਹਾਲਾਂਕਿ, ਸੈਫ ਦਾ ਕਹਿਣਾ ਹੈ ਕਿ ਸ਼ਰਮਾ ਨੇ ਉਸ ਨਾਲ ਮੌਜੂਦ ਔਰਤਾਂ ਵਿਰੁੱਧ ਭੱਦੀਆਂ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਲੜਾਈ ਹੋਈ। ਸੈਫ਼ ਅਤੇ ਉਸਦੇ 2 ਦੋਸਤਾਂ – ਸ਼ਕੀਲ ਲੱਦਾਕ ਅਤੇ ਬਿਲਾਲ ਅਮਰੋਹੀ – ‘ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 325 (ਹਮਲਾ) ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
