ਪੰਜਾਬ ‘ਚ ਜਲਦ ਬਣੇਗਾ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ: ਸਿਹਤ ਮੰਤਰੀ ਨੇ ਕੀਤਾ ਐਲਾਨ

  • ਸਿਹਤ ਮੰਤਰੀ ਵੱਲੋਂ ਹੋਮਿਓਪੈਥਿਕ ਡਾਕਟਰਾਂ ਨੂੰ ਇਸ ਕਾਰਗਰ ਇਲਾਜ ਪ੍ਰਣਾਲੀ ਨੂੰ ਸੰਭਾਲ ਕੇ ਰੱਖਣ ਅਤੇ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ
  • ਡਾ. ਬਲਬੀਰ ਸਿੰਘ ਨੇ ਇਸ ਕਾਰਜ ਨੂੰ ਅੱਗੇ ਵਧਾਉਣ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰ ਬੰਨ੍ਹਿਆ
  • ਸਿਹਤ ਮੰਤਰੀ ਵੱਲੋਂ ਹੋਮਿਓਪੈਥੀ ਵਿਭਾਗ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਖਾਲੀ ਅਸਾਮੀਆਂ ਨੂੰ ਭਰਨ ਲਈ ਪੂਰਨ ਸਹਾਇਤਾ ਦਾ ਭਰੋਸਾ

ਚੰਡੀਗੜ੍ਹ, 10 ਅਪ੍ਰੈਲ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਹੋਮਿਓਪੈਥੀ ਨੂੰ ਸੰਭਾਲ ਕੇ ਰੱਖਣ ਅਤੇ ਵੱਧ ਤੋ ਵੱਧ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸਥਾਪਨਾ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਵਿਸ਼ਵ ਹੋਮਿਓਪੈਥੀ ਦਿਵਸ 10 ਅਪ੍ਰੈਲ ਨੂੰ ਹੋਮਿਓਪੈਥੀ ਦੇ ਪਿਤਾ ਡਾ. ਸੈਮੂਅਲ ਹੈਨੇਮੈਨ ਦੇ ਜਨਮ ਦਿਵਸ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ।

ਸਿਹਤ ਮੰਤਰੀ ਵੱਲੋਂ ਇਹ ਐਲਾਨ ਪੰਜਾਬ ਹੋਮਿਓਪੈਥੀ ਵਿਭਾਗ ਵੱਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ ਗਿਆ।

ਹੋਮਿਓਪੈਥੀ ਨੂੰ ਸੰਭਾਲ ਕੇ ਰੱਖਣ ਅਤੇ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਡਾ. ਬਲਬੀਰ ਸਿੰਘ ਨੇ ਹੋਮਿਓਪੈਥਿਕ ਡਾਕਟਰਾਂ ਅਤੇ ਮਾਹਿਰਾਂ ਨੂੰ ਇਸ ਰਵਾਇਤੀ ਦਵਾਈ ਪ੍ਰਣਾਲੀ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਲੋਕ ਸਭਾ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਇਸ ਕਾਲਜ ਦੀ ਉਸਾਰੀ ਲਈ ਆਵਾਜ਼ ਉਠਾਉਣ ਸਬੰਧੀ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਕਾਲਜ ਪੰਜਾਬ ਭਰ ਵਿੱਚ ਹੋਮਿਓਪੈਥਿਕ ਇਲਾਜ ਦੇ ਪ੍ਰਚਾਰ ਲਈ ਮੁੱਖ ਸੰਸਥਾ ਵਜੋਂ ਕੰਮ ਕਰੇਗਾ।

ਹੋਮਿਓਪੈਥੀ ਵਿਭਾਗ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੇ ਹੋਏ ਸਿਹਤ ਮੰਤਰੀ ਨੇ ਭਵਿੱਖ ਵਿੱਚ ਇਸ ਕਾਲਜ ਨੂੰ ਇੱਕ ਪੋਸਟ ਗ੍ਰੈਜੂਏਟ ਸੰਸਥਾ ਵਿੱਚ ਅਪਗ੍ਰੇਡ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਹੋਮਿਓਪੈਥੀ ਵਿਭਾਗ ਵਿੱਚ ਖਾਲੀ ਅਸਾਮੀਆਂ ਨੂੰ ਵੀ ਭਰਿਆ ਜਾਵੇਗਾ ਅਤੇ ਬੁਨਿਆਦੀ ਢਾਂਚੇ ਨੂੰ ਵਧੇਰੇ ਮਜ਼ਬੂਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਸ ਮੌਕੇ ਪ੍ਰਸਿੱਧ ਹੋਮਿਓਪੈਥੀ ਮਾਹਿਰ ਡਾ. ਏ.ਐਸ. ਮਾਨ ਅਤੇ ਡਾ. ਅਵਤਾਰ ਸਿੰਘ ਨੇ ਵੀ ਹੋਮਿਓਪੈਥੀ ਵਿੱਚ ਨਵੀਆਂ ਡਾਕਟਰੀ ਪਹਿਲਕਦਮੀਆਂ ਅਤੇ ਸਫਲਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਹ ਪਹਿਲਕਦਮੀਆਂ, ਹੋਮਿਓਪੈਥੀ ਵਿਭਾਗ ਦੇ ਵਿਕਾਸ ਅਤੇ ਬਿਹਤਰ ਕਾਰਜਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਬਹੁ-ਪੱਖੀ ਪਹੁੰਚ ਨੂੰ ਅਪਣਾਉਂਦਿਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਿਭਾਗ ਨੂੰ ਇੱਕ ਪ੍ਰਮੁੱਖ ਸੰਸਥਾ ਵਜੋਂ ਸਥਾਪਤ ਕਰਨਗੀਆਂ।

ਇਸ ਸਮਾਗਮ ਵਿੱਚ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਆਯੂਸ਼ ਕਮਿਸ਼ਨਰ ਦਿਲਰਾਜ ਸਿੰਘ, ਪੰਜਾਬ ਹੋਮਿਓਪੈਥਿਕ ਕੌਂਸਲ ਦੇ ਪ੍ਰਧਾਨ ਡਾ. ਟੀ.ਪੀ. ਸਿੰਘ, ਆਯੁਰਵੇਦ ਦੇ ਡਾਇਰੈਕਟਰ ਡਾ. ਰਵੀ ਕੁਮਾਰ ਡੁਮਰਾ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਧਿਕਾਰੀ (ਡੀ.ਐਚ.ਓ.), ਹੋਮਿਓਪੈਥਿਕ ਮੈਡੀਕਲ ਅਧਿਕਾਰੀ (ਐਚ.ਐਮ.ਓ.) ਅਤੇ ਰਾਜ ਭਰ ‘ਚੋਂ ਵਿਭਾਗ ਦਾ ਹੋਰ ਸਟਾਫ਼ ਮੌਜੂਦ ਸੀ। ਇਹ ਪ੍ਰੋਗਰਾਮ ਪੰਜਾਬ ਹੋਮਿਓਪੈਥੀ ਵਿਭਾਗ ਦੇ ਡਾਇਰੈਕਟਰ ਡਾ. ਹਰਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੰਪ ਨੇ 90 ਦਿਨਾਂ ਲਈ ਟੈਰਿਫਾਂ ‘ਤੇ ਲਾਈ ਰੋਕ: ਚੀਨ ‘ਤੇ ਟੈਰਿਫ 125% ਤੱਕ ਵਧਾਇਆ

ਖ਼ਾਲਸਾ ਸਾਜਣਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ