ਬਠਿੰਡਾ, 17 ਅਪ੍ਰੈਲ 2025: ਬਠਿੰਡਾ ਪੁਲਿਸ ਨੇ ਮੌੜ ਮੰਡੀ ਦੇ ਵਾਰਡ ਨੰਬਰ 10 ਵਿੱਚ ਕੁਝ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ । ਪੁਲਿਸ ਹੁਣ ਅਗਲੀ ਕਾਰਵਾਈ ਕਰਨ ਵਿੱਚ ਜੁੱਟ ਗਈ ਹੈ।ਮਾਮਲਾ ਨਸ਼ਾ ਤਸਕਰੀ ਤੋਂ ਰੋਕਣ ਨਾਲ ਜੁੜਿਆ ਹੋਇਆ ਹੈ ਜਿਸਨੇ ਇੱਕ ਗੱਭਰੂ ਮੁੰਡੇ ਦੀ ਜਾਨ ਲੈ ਲਈ। ਮਿ੍ਤਕ ਦੀ ਪਹਿਚਾਣ ਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਮੌੜ ਮੰਡੀ ਵਜੋਂ ਕੀਤੀ ਗਈ ਹੈ ਜੋ ਮਾਨਸਾ ਤੋਂ ਆ ਕੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ ਅਤੇ ਇਸੇ ਰੰਜਿਸ਼ ਵਿੱਚ ਉਸ ਨੂੰ ਕਤਲ ਕਰ ਦਿੱਤਾ ਗਿਆ।
ਥਾਣਾ ਮੌੜ ਮੰਡੀ ਪੁਲਿਸ ਨੇ ਦਰਸ਼ਨ ਸਿੰਘ ਪੁੱਤਰ ਅਰਜਨ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਸੁਭਾਸ਼ ਕੁਮਾਰ ਪੁੱਤਰ ਪਿੱਲੂ ਰਾਮ ਵਾਸੀ ਮੌੜ ਮੰਡੀ, ਪ੍ਰੀਤ ਪੁੱਤਰ ਹਰਬੰਸ ਲਾਲ, ਸਾਹਿਲ ਪੁੱਤਰ ਸ਼ਿਵਜੀ ਰਾਮ, ਅਕਾਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ,ਅਕਾਸ਼ਦੀਪ ਖਾਨ ਪੁੱਤਰ ਜਸਵੀਰ ਖਾਨ,ਅਰਜਨ ਕੁਮਾਰ ਪੁੱਤਰ ਦੁਰਗਾ ਦਾਸ,ਹਿਮਾਂਸ਼ੂ ਪੁੱਤਰ ਵਿਜੈ ਕੁਮਾਰ ਅਤੇ ਸਮੋਨ ਕੁਮਾਰ ਪੁੱਤਰ ਕਾਲਾ ਰਾਮ ਵਾਸੀਆਨ ਮਾਨਸਾ ਅਤੇ ਕੁੱਝ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ।
ਬਠਿੰਡਾ ਪੁਲਿਸ ਦੇ ਐਸਪੀ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਤਫਤੀਸ਼ ਦੌਰਾਨ ਆਕਾਸ਼ਦੀਪ ਸਿੰਘ, ਆਕਾਸ਼ਦੀਪ ਖਾਨ, ਅਰਜਨ ਕੁਮਾਰ, ਹਿਮਾਸ਼ੂ ਅਤੇ ਸਮੋਨ ਕੁਮਾਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ । ਮਿਰਤਕ ਦੀਪ ਸਿੰਘ ਦੇ ਚਾਚਾ ਦਰਸ਼ਨ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੁ ਭਤੀਜਾ ਦੀਪ ਸਿੰਘ ਮੰਗਲਵਾਰ ਦੇਰ ਸ਼ਾਮ ਸਮਾਨ ਲੈਣ ਲਈ ਦੁਕਾਨ ਤੇ ਗਿਆ ਸੀ।

ਇਸ ਦੌਰਾਨ ਤਿੰਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ 10 ਵਿਅਕਤੀਆਂ ਨੇ ਦੀਪ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਹਾਲਤ ਵਿੱਚ ਦੀਪ ਨੂੰ ਲੋਕਾਂ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਬਠਿੰਡਾ ਪਹੁੰਚਾਇਆ ਜਿੱਥੋਂ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਪਰ ਰਸਤੇ ਵਿੱਚ ਉਸਦੀ ਮੌਤ ਹੋ ਗਈ। ਦਰਸ਼ਨ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਕੁਝ ਨੌਜਵਾਨ ਉਹਨਾਂ ਦੀ ਬਸਤੀ ਵਿੱਚ ਆ ਕੇ ਨਸ਼ਾ ਵੇਚਦੇ ਸਨ ਜਿਸ ਦਾ ਦੀਪ ਸਿੰਘ ਅਕਸਰ ਵਿਰੋਧ ਕਰਦਾ ਆ ਰਿਹਾ ਸੀ। ਉਹਨਾਂ ਦੱਸਿਆ ਕਿ ਇਸੇ ਰੰਜਿਸ਼ ਵਿੱਚ ਆ ਕੇ ਨੌਜਵਾਨਾਂ ਨੇ ਉਸਦੇ ਭਤੀਜੇ ਨੂੰ ਕਤਲ ਕਰ ਦਿੱਤਾ।
