ਜਲੰਧਰ , 17 ਅਪ੍ਰੈਲ 2025: ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ’ਚ ਯੂ-ਟਿਊਬਰ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਰੋਜਰ ਸੰਧੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਇਸ ਹਮਲੇ ਦੇ ਮਾਮਲੇ ’ਚ ਭਾਰਤੀ ਫ਼ੌਜ ਦੇ ਰਾਜੌਰੀ ਦੇ ਨੁਸ਼ਹਿਰਾ ਸੈਕਟਰ ਤੋਂ ਸੁਖਚੈਨ ਸਿੰਘ ਫੌਜੀ ਨੂੰ ਜਲੰਧਰ ਦਿਹਾਤ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਵੱਡੀ ਗੱਲ ਇਹ ਸਾਹਮਣੇ ਆਈ ਹੈ ਗ੍ਰਨੇਡ ਸੁੱਟਣ ਵਾਲਿਆਂ ਨੂੰ ਭਾਰਤੀ ਫ਼ੌਜ ਦਾ ਫ਼ੌਜੀ ਗ੍ਰਨੇਡ ਚਲਾਉਣ ਦੀ ਟ੍ਰੇਨਿੰਗ ਦਿੰਦਾ ਸੀ। ਗ੍ਰਿਫ਼ਤਾਰ ਕੀਤਾ ਗਿਆ ਫ਼ੌਜੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਨ ਬਦਾਰ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਯੂ-ਟਿਊਬਰ ਦੇ ਗ੍ਰਨੇਡ ਹਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਯਮੁਨਾ ਨਗਰ ਤੋਂ ਹਾਰਦਿਕ ਦੇ ਮੋਬਾਇਲ ਤੋਂ ਇਕ ਵੀਡੀਓ ਮਿਲੀ ਸੀ। ਸਿਖਲਾਈ ਨਾਲ ਸਬੰਧਤ ਸਬੂਤ ਇਕ ਮੋਬਾਇਲ ਵਿੱਚ ਮਿਲੇ ਹਨ। ਇਹ ਸਿਖਲਾਈ ਇੰਸਟਾਗ੍ਰਾਮ ਰਾਹੀਂ ਦਿੱਤੀ ਗਈ ਸੀ। ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਗ੍ਰਨੇਡ ਕਿਵੇਂ ਚਲਾਉਣਾ ਹੈ ਕਿਵੇਂ ਸੁੱਟਣਾ ਹੈ ਸਬੰਧਤ ਜਾਣਕਾਰੀ ਜੀਸ਼ਾਨ ਅਖ਼ਤਰ ਤੋਂ ਮਿਲੀ ਸੀ। ਪੁਲਸ ਨੇ ਸੁਖਚੈਨ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤਾ ਅਤੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਖਚੈਨ ਤੋਂ ਪੁੱਛਗਿੱਛ ਕਰਨ ਦੀ ਲੋੜ ਹੈ ਕਿ ਉਹ ਕਿਸ ਦੇ ਸੰਪਰਕ ਵਿੱਚ ਹੈ ਅਤੇ ਕਿਸ ਦੇ ਨਿਰਦੇਸ਼ਾਂ ‘ਤੇ ਉਸ ਨੇ ਹਾਰਦਿਕ ਨੂੰ ਸਿਖਲਾਈ ਦਿੱਤੀ ਸੀ। ਖੈਰ ਦੂਜੇ ਪਾਸੇ ਕੇਂਦਰੀ ਏਜੰਸੀ ਐੱਨ. ਆਈ. ਏ. ਨੇ ਵੀ ਇਸ ਮਾਮਲੇ ਦੀ ਜਾਂਚ ਹੁਣ ਮੁਲਜ਼ਮਾਂ ਕੋਲੋਂ ਖ਼ੁਦ ਪੁੱਛਗਿੱਛ ਕਰ ਰਹੀ ਹੈ।
ਅਦਾਲਤ ਨੇ ਫ਼ੌਜੀ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਫ਼ੌਜੀ ਤੋਂ ਆਈ. ਬੀ. ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਵੀ ਪੁੱਛਗਿੱਛ ਕਰ ਰਹੀਆਂ ਹਨ। ਇਸ ਦੌਰਾਨ ਐੱਸ. ਆਈ. ਟੀ. ਮੁਖੀ ਐਸਪੀ ਸਰਬਜੀਤ ਰਾਏ ਨੇ ਕਿਹਾ ਕਿ ਫ਼ੌਜੀ ਨੂੰ ਰਿਮਾਂਡ ‘ਤੇ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜਾਂਚ ਨਾਲ ਸਬੰਧਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਹਾਰਦਿਕ ਨੇ ਰਿਮਾਂਡ ਦੌਰਾਨ ਖ਼ੁਲਾਸਾ ਕੀਤਾ ਸੀ ਕਿ ਜ਼ੀਸ਼ਾਨ ਅਖ਼ਤਰ ਨੇ ਉਸ ਨੂੰ ਨਿਸ਼ਾਨਾ ਬਣਾਇਆ ਸੀ। ਉਸ ਨੂੰ ਇਕ ਇੰਸਟਾਗ੍ਰਾਮ ਤੋਂ ਇਕ ਲਿੰਕ ਮਿਲਿਆ। ਉਹ ਖ਼ੁਦ ਹੈਰਾਨ ਸੀ ਕਿ ਫ਼ੌਜ ਦੀ ਵਰਦੀ ਪਹਿਨੇ ਇਕ ਵਿਅਕਤੀ ਨੇ ਉਸ ਨੂੰ ਆਨਲਾਈਨ ਸਿਖਲਾਈ ਦਿੱਤੀ। ਹੱਥ ਵਿੱਚ ਗ੍ਰਨੇਡ ਫੜ ਕੇ, ਉਸ ਨੇ ਸਮਝਾਇਆ ਕਿ ਪਿੰਨ ਕਿਵੇਂ ਕੱਢਣਾ ਹੈ ਅਤੇ ਇਸ ਨੂੰ ਕਿਵੇਂ ਸੁੱਟਣਾ ਹੈ। ਹਾਰਦਿਕ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਨੂੰ ਸਿਖਲਾਈ ਦੇਣ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਸੀ ਕਿ ਉਹ ਫ਼ੌਜ ਤੋਂ ਹੈ ਅਤੇ ਕਦੇ ਵੀ ਗ਼ਲਤ ਸਿਖਲਾਈ ਨਹੀਂ ਦੇਵੇਗਾ। ਫ਼ੌਜੀ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਗਿਆ। ਹਾਰਦਿਕ ਦੇ ਮੋਬਾਇਲ ਵਿੱਚੋਂ ਲਿੰਕ ਮਿਲੇ ਸਨ।

ਜ਼ਿਕਰਯੋਗ ਹੈ ਕਿ ਯੂ-ਟਿਊਬਰ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਰੋਜਰ ਸੰਧੂ ਦੇ ਘਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਹੁਣ ਤੱਕ ਸੱਤ ਮੁਲਜ਼ਮਾਂ ਨੂੰ ਪੰਜਾਬ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਹੁਣ 8ਵਾਂ ਮੁਲਜ਼ਮ ਪੁਲਸ ਦੇ ਅੜਿੱਤੇ ਆਇਆ ਹੈ।
