ਗੁਰਦਾਸਪੁਰ, 17 ਅਪ੍ਰੈਲ 2025: ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਪਾਹੜਾ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ । ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਤੇ ਉਸ ਦੀ ਪਤਨੀ ਵੱਲੋਂ ਉਸ ਦੇ ਘਰ ਆ ਕੇ ਮ੍ਰਿਤਕ ਸਰਵਣ ਦੀ ਮਾਰਕੁਟਾਈ ਕੀਤੀ ਅਤੇ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਸੁਰਜੀਤ ਰਾਜ ਅਤੇ ਉਸਦੀਆਂ ਭੈਣਾਂ ਦਾ ਕਹਿਣਾ ਹੈ ਕਿ ਧਮਕੀਆਂ ਤੋਂ ਡਰਦਿਆਂ ਹੀ ਸਰਵਣ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਲਈ ਗਈ। ਦੱਸ ਦਈਏ ਕਿ ਸਰਵਣ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ । ਉਸਦੇ ਪਿਤਾ ਗੈਸ ਏਜੰਸੀ ‘ਚ ਕੰਮ ਕਰਦੇ ਹਨ ਜਦਕਿ ਸਰਵਣ ਆਪ ਜੇਸੀਬੀ ਦਾ ਡਰਾਈਵਰ ਸੀ । ਮ੍ਰਿਤਕ ਮੁੰਡੇ ਨੂੰ ਵੇਖ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਪਰਿਵਾਰ ਨੇ ਮੰਗ ਕੀਤੀ ਹੈ ਕਿ ਸਰਵਣ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ, ਉੱਥੇ ਹੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਨੂੰ ਲੈ ਕੇ ਮਾਰਕੁਟਾਈ ਕਰਨ ਵਾਲੇ ਪਤੀ-ਪਤਨੀ ਅਤੇ ਇੱਕ ਹੋਰ ਕੁੜੀ ਖਿਲਾਫ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।

