ਗੁਰਦਾਸਪੁਰ, 17 ਅਪ੍ਰੈਲ 2025: ਲਗਾਤਾਰ ਪੰਜਾਬ ‘ਚ ਨਸ਼ਾ ਰੂਪੀ ਕੋਹੜ ਘਰ ਘਰ ਵਿਸਥਾਰ ਕਰਦਾ ਜਾ ਰਿਹਾ ਹੈ। ਜਿਸ ਕਾਰਨ ਨੌਜਵਾਨੀ ਖਤਰੇ ਵਿੱਚ ਹੈ। ਬਟਾਲਾ ਦੇ ਇਲਾਕੇ ਮਾਨ ਨਗਰ ‘ਚ ਇਕ 25 ਸਾਲਾ ਦੇ ਨੌਜਵਾਨ ਰੋਹਿਤ ਦੀ ਨਸ਼ੇ ਦੀ ਓਵਰਡੋਜ਼ ਨਾਲ ਭੇਦ ਭਰੇ ਹਾਲਾਤ ‘ਚ ਮੌਤ ਹੋਈ ਹੈ। ਉੱਥੇ ਮੌਜੂਦ ਇਲਾਕੇ ਦੇ ਲੋਕਾਂ ਵਲੋਂ ਦੱਸਿਆ ਗਿਆ ਕਿ ਸਾਡੇ ਇਲਾਕੇ ਮਾਨ ਨਗਰ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ । ਮੌਕੇ ‘ਤੇ ਪੁਹੰਚੇ ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਮ੍ਰਿਤਕ ਰੋਹਿਤ ਦੇ ਪਿਤਾ ਨੇ ਦੱਸਿਆ ਕਿ ਕੰਮ ਲਈ ਸ਼ਾਮ 6 ਵਜੇ ਬੇਟੇ ਨੇ ਦਿੱਲੀ ਜਾਣਾ ਸੀ, ਉਸੇ ਦੌਰਾਨ ਰੋਹਿਤ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਘਰੋਂ ਚਲਾ ਗਿਆ ਥੋੜੀ ਦੇਰ ਬਾਅਦ ਫਿਰ ਸਾਨੂੰ ਫੋਨ ਆਇਆ ਕਿ ਤੁਹਾਡੇ ਬੇਟੇ ਦੀ ਮ੍ਰਿਤਕ ਦੇਹ ਮਾਨ ਨਗਰ ਦੇ ਖਾਲੀ ਪਲਾਟ ‘ਚ ਪਈ ਹੋਈ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰੋਹਿਤ ਸਾਡਾ ਇਕਲੌਤਾ ਸਹਾਰਾ ਸੀ ਉਥੇ ਹੀ ਪਿਤਾ ਨੇ ਕਿਹਾ ਅਸੀਂ ਪੁੱਤ ਨੂੰ ਬਹੁਤ ਕਹਿੰਦੇ ਸੀ ਕਿ ਗੁਰੂ ਦੇ ਲੜ ਲੱਗ ਜਾ ਪਰ ਉਸਨੇ ਸਾਡੀ ਇੱਕ ਨਹੀਂ ਸੁਣੀ।
ਉੱਥੇ ਹੀ ਮੌਕੇ ਤੇ ਪੁਹੰਚੇ ਪੁਲਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਨੌਜਵਾਨ ਦੀ ਮ੍ਰਿਤਕ ਦੇਹ ਮਾਨ ਨਗਰ ਦੇ ਖਾਲੀ ਪਲਾਟ ‘ਚ ਵੇਖੀ ਗਈ ਹੈ । ਉਨ੍ਹਾਂ ਕਿਹਾ ਮੌਕੇ ‘ਤੇ ਆਏ ਹਾਂ, ਪੋਸਟਮਾਰਟਮ ਤੋਂ ਬਾਅਦ ਸਾਫ਼ ਹੋਵੇਗਾ ਕਿ ਇਸ ਦੀ ਮੌਤ ਨਸ਼ੇ ਨਾਲ ਜਾਂ ਫਿਰ ਗਰਮੀ ਨਾਲ ਹੋਈ ਹੈ। ਬਾਕੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਹੈ।

