ਤਰਨਤਾਰਨ, 19 ਅਪ੍ਰੈਲ 2025 – ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਦੋ ਗੁੱਟਾਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਪੰਜਾਬ ਦੇ ਤਰਨਤਾਰਨ ਦੀ ਇੱਕ 21 ਸਾਲਾ ਕੁੜੀ ਦੀ ਮੌਤ ਹੋ ਗਈ। ਇਹ ਕੁੜੀ ਕੈਨੇਡਾ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ ਅਤੇ ਉੱਥੇ ਕੰਮ ਵੀ ਕਰਦੀ ਸੀ। ਉਹ ਰੋਜ਼ ਵਾਂਗ ਬੱਸ ਅੱਡੇ ‘ਤੇ ਡਿਊਟੀ ‘ਤੇ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ।
ਇਸ ਦੌਰਾਨ ਦੋ ਗਰੁੱਪ ਦੋ ਵੱਖ-ਵੱਖ ਵਾਹਨਾਂ ਵਿੱਚ ਆਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਵਿਦਿਆਰਥਣ ਹਰਸਿਮਰਤ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਗਈ। ਇੱਕ ਗੋਲੀ ਉਸਦੀ ਛਾਤੀ ਵਿੱਚ ਲੱਗੀ। ਘਟਨਾ ਤੋਂ ਤੁਰੰਤ ਬਾਅਦ ਹਰਸਿਮਰਤ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਸਦੀ ਜਾਨ ਨਹੀਂ ਬਚਾਈ ਜਾ ਸਕੀ।
ਇਹ ਘਟਨਾ 16 ਅਪ੍ਰੈਲ ਦੀ ਸ਼ਾਮ ਨੂੰ ਵਾਪਰੀ। ਜਿਸਦੀ ਜਾਣਕਾਰੀ ਲੜਕੀ ਹਰਸਿਮਰਤ ਰੰਧਾਵਾ ਦੇ ਪਿੰਡ ਧੂੰਦਾ ਵਿੱਚ ਮਿਲੀ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਹਰਸਿਮਰਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।

