ਫਗਵਾੜਾ, 19 ਅਪ੍ਰੈਲ 2025 – ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਫਗਵਾੜਾ-ਹੁਸ਼ਿਆਰਪੁਰ ਰੋਡ ਨਜ਼ਦੀਕ ਰੋਡ ‘ਤੇ ਤੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪਤੀ-ਪਤਨੀ ਸਮੇਤ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਦੇਰ ਰਾਤ ਚਾਰ ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਸੀ ਅਤੇ ਇਕ ਦੇ ਗੰਭੀਰ ਸੱਟਾਂ ਵੱਜੀਆਂ ਸਨ, ਜਿਸ ਦੀ ਹਾਲਤ ਨੂੰ ਵੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ।
ਉਥੇ ਹੀ ਇਸ ਮਾਮਲੇ ਸਬੰਧੀ ਥਾਣਾ ਰਾਵਲ ਪਿੰਡੀ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ‘ਤੇ ਰੋਮੀ ਢਾਬੇ ਨਜ਼ਦੀਕ ਇਕ ਕਾਰ, ਈ-ਰਿਕਸ਼ਾ ਅਤੇ ਟਰੈਕਟਰ-ਟਰਾਲੀ ਵਿੱਚ ਭਿਆਨਕ ਟੱਕਰ ਹੋ ਗਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਜ਼ਖ਼ਮੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁਲਸ ਪਾਰਟੀ ਸਮੇਤ ਸਿਵਲ ਹਸਪਤਾਲ ਫਗਵਾੜਾ ਪਹੁੰਚਦੇ ਹਨ ਅਤੇ ਜਿੱਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਈ-ਰਿਕਸ਼ਾ ਵਿੱਚ ਸਵਾਰ ਪਤੀ-ਪਤਨੀ ਅਤੇ ਛੋਟੀ ਬੱਚੀ ਦੀ ਮੌਤ ਹੋ ਗਈ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

