- ਟਰੈਕਟਰਾਂ ਦੀ ਮਦਦ ਨਾਲ ਬੁਝਾਈ ਗਈ ਅੱਗ
ਮਾਨਸਾ, 19 ਅਪ੍ਰੈਲ 2025 – ਮਾਨਸਾ ਦੇ ਤਿੰਨ ਪਿੰਡਾਂ ਦੀ ਕਣਕ ਦੀ ਫ਼ਸਲ ਨੂੰ ਅੱਜ ਅੱਗ ਲੱਗ ਗਈ, ਜਿਸ ਕਾਰਨ ਲਗਭਗ 100 ਏਕੜ ਫ਼ਸਲ ਸੜ ਕੇ ਸੁਆਹ ਹੋ ਗਈ। ਭੈਣੀ ਬਾਘਾ ਪਿੰਡ ਵਿੱਚ 50 ਏਕੜ, ਜਟਾਣ ਕਲਾ ਵਿੱਚ 30 ਏਕੜ ਅਤੇ ਸਰਦੂਲਗੜ੍ਹ ਵਿੱਚ 20 ਏਕੜ ਫ਼ਸਲ ਸੜ ਗਈ।
ਭੈਣੀ ਬਾਘਾ ਪਿੰਡ ਦੇ ਕਿਸਾਨ ਮਹਿੰਦਰ ਸਿੰਘ, ਜਟਾਣ ਕਲਾ ਦੇ ਮਨਜੀਤ ਸਿੰਘ ਅਤੇ ਸਰਦੂਲਗੜ੍ਹ ਦੇ ਬਿੱਕਰ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਨੇ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ। ਆਲੇ-ਦੁਆਲੇ ਦੇ ਲੋਕਾਂ ਨੇ ਮਿਲ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਟਰੈਕਟਰਾਂ ਦੀ ਮਦਦ ਨਾਲ ਅੱਗ ਨੂੰ ਫੈਲਣ ਤੋਂ ਰੋਕਿਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਕਿਸਾਨ ਆਗੂ ਰਾਮ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਕਣਕ ਦੀ ਫ਼ਸਲ ਨੂੰ ਵੱਡੇ ਪੱਧਰ ‘ਤੇ ਅੱਗ ਲੱਗ ਗਈ ਹੈ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਖੇਤਾਂ ਦਾ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।

