ਚੰਡੀਗੜ੍ਹ, 23 ਅਪ੍ਰੈਲ 2025 – ਪੰਜਾਬ ਵਿਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ 54 ਸਾਲ ਦੇ ਸਿਰਫਿਰੇ ਵਿਅਕਤੀ ਦੇ ਕਬਜ਼ੇ ਵਿਚੋਂ ਛੁਡਵਾਈਆਂ ਗਈਆਂ ਤਿੰਨਾਂ ਬੱਚੀਆਂ ਨਾਲ ਮੁਲਜ਼ਮ ਕਈ ਦਿਨਾਂ ਤੋਂ ਜਬਰ-ਜ਼ਿਨਾਹ ਕਰ ਰਿਹਾ ਸੀ। ਇਸ ਦੀ ਪੁਸ਼ਟੀ ਬੱਚੀਆਂ ਦੇ ਮੈਡੀਕਲ ਤੋਂ ਹੋ ਗਈ ਹੈ, ਜਿਸ ਦੇ ਬਾਅਦ ਪੁਲਸ ਨੇ ਮੁਲਜ਼ਮ ਰਾਜੇਸ਼ ਪਾਂਡੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਅਧੀਨ ਵੀ ਧਾਰਾ ਜੋੜ ਕੇ ਉਸ ਨੂੰ 3 ਦਿਨ ਦੇ ਰਿਮਾਂਡ ’ਤੇ ਲਿਆ ਹੈ।
ਤਿੰਨਾਂ ਬੱਚੀਆਂ ਵਿਚੋਂ ਇਕ 9 ਸਾਲ ਦੀ ਬੱਚੀ ਤਾਂ ਉਸ ਦੀ ਸਕੀ ਭਤੀਜੀ ਨਿਕਲੀ ਹੈ, ਜੋ ਉਹ ਯੂ. ਪੀ. ਤੋਂ ਆਪਣੇ ਭਰਾ ਨੂੰ ਇਹ ਕਹਿ ਕੇ ਲੈ ਆਇਆ ਸੀ ਕਿ ਉਹ ਪੰਜਾਬ ਲਿਜਾ ਕੇ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰੇਗਾ। ਰਾਮਾ ਮੰਡੀ ਦੀ 12 ਸਾਲਾ ਬੱਚੀ ਨੂੰ ਵੀ ਉਹ ਵਰਗਲਾ ਕੇ ਲੈ ਗਿਆ ਸੀ, ਜਦਕਿ ਤੀਜੀ ਕੁੜੀ ਵੀ 12 ਸਾਲ ਦੀ ਹੈ। ਮੁਲਜ਼ਮ ਬੱਚੀਆਂ ਨੂੰ ਇਹ ਕਹਿੰਦਾ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਉਸ ਕੋਲ ਵੇਚ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ ਪਾਲਣ-ਪੋਸ਼ਣ ਲਈ ਇੰਨੇ ਪੈਸੇ ਨਹੀਂ ਹਨ।
ਮੁਲਜ਼ਮ ਨੇ ਪੁਲਸ ਦੀ ਪੁੱਛਗਿੱਛ ਵਿਚ ਕਬੂਲਿਆ ਕਿ ਕਪੂਰਥਲਾ ਵਿਚ ਉਹ ਕਿਰਾਏ ’ਤੇ ਰਹਿੰਦਾ ਸੀ ਅਤੇ ਦਿਹਾੜੀ ਲਾਉਂਦਾ ਸੀ। ਜਦੋਂ ਦਿਹਾੜੀ ’ਤੇ ਜਾਣਾ ਹੁੰਦਾ ਸੀ ਤਾਂ ਮੁਲਜ਼ਮ ਬੱਚੀਆਂ ਨੂੰ ਖਾਣ-ਪੀਣ ਦਾ ਸਾਮਾਨ ਦੇ ਕੇ ਬਾਹਰੋਂ ਤਾਲਾ ਲਾ ਕੇ ਚਲਾ ਜਾਂਦਾ ਸੀ। ਮੁਲਜ਼ਮ ਨੇ ਮੰਨਿਆ ਕਿ ਉਹ ਬੱਚੀਆਂ ਨਾਲ ਜ਼ਬਰਦਸਤੀ ਜਿਸਮਾਨੀ ਸੰਬੰਧ ਵੀ ਬਣਾਉਂਦਾ ਸੀ, ਜਿਸ ਤੋਂ ਬਾਅਦ ਪੁਲਸ ਨੇ ਬੱਚੀਆਂ ਨੂੰ ਮਾਣਯੋਗ ਅਦਾਲਤ ਦੇ ਸਾਹਮਣੇ ਪੇਸ਼ ਕਰਕੇ 164 ਦੇ ਬਿਆਨ ਵੀ ਕਰਵਾਏ ਹਨ। ਏ. ਸੀ. ਪੀ. ਨਾਰਥ ਆਤਿਸ਼ ਭਾਟੀਆ ਨੇ ਦੱਸਿਆ ਕਿ ਮੁਲਜ਼ਮ ਨੂੰ ਪੁੱਛਗਿੱਛ ਲਈ 3 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਭਰਾ ਯੂ. ਪੀ. ਤੋਂ ਜਲੰਧਰ ਲਈ ਰਵਾਨਾ ਹੋ ਗਿਆ ਹੈ, ਜਿਸ ਦੇ ਆਉਂਦੇ ਹੀ ਉਸ ਦੀ ਬੇਟੀ ਨੂੰ ਉਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਬਾਕੀ ਦੋਵਾਂ ਬੱਚੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਵਿਚੋਂ ਕੁਝ ਸਮੇਂ ਤੋਂ 3 ਬੱਚੀਆਂ ਗਾਇਬ ਸਨ।

