ਲੁਧਿਆਣਾ, 30 ਅਪ੍ਰੈਲ 2025 – ਥਾਣਾ ਹੈਬੋਵਾਲ ਦੇ ਇਲਾਕੇ ‘ਚ ਪੈਂਦੇ ਸਿੱਧਪੀਠ ਮਹਾਬਲੀ ਸੰਕਟਮੋਚਨ ਸ਼੍ਰੀ ਹਨੂੰਮਾਨ ਮੰਦਰ ਦੇ ਮੁੱਖ ਗੇਟ ‘ਤੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਪਾਕਿਸਤਾਨ ਦੇ ਝੰਡੇ ਲਗਾਉਣ ‘ਤੇ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਕਰਮ ਆਨੰਦ ਵਾਸੀ ਚੰਦਰ ਨਗਰ ਵਜੋਂ ਹੋਈ ਹੈ, ਜਿਸ ਨਾਲ ਇਕ ਅਣਪਛਾਤਾ ਸਾਥੀ ਵੀ ਸੀ। ਇਹ ਦੋਵੇਂ ਫ਼ਿਲਹਾਲ ਫ਼ਰਾਰ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਘੁਮਾਰਮੰਡੀ ਦੇ ਰਹਿਣ ਵਾਲੇ ਰਿਸ਼ੀ ਜੈਨ ਨੇ ਦੱਸਿਆ ਕਿ ਉਹ ਮੰਦਰ ਦਾ ਚੇਅਰਮੈਨ ਹਾ। ਹਰ ਹਫ਼ਤੇ ਦੇ ਮੰਗਲਵਾਰ ਨੂੰ 10 ਤੋਂ 15 ਹਜ਼ਾਰ ਸ਼ਰਧਾਲੂ ਮੰਦਰ ਵਿਚ ਮੱਥਾ ਟੇਕਣ ਲਈ ਆਉਂਦੇ ਹਨ। ਇਸੇ ਦੀਆਂ ਤਿਆਰੀਆਂ ਦੇ ਚਲਦਿਆਂ ਮੰਦਰ ਉਹ ਮੰਦਰ ਵਿਚ ਮੌਜੂਦ ਸਨ। ਤਕਰੀਬਨ 5 ਵਜੇ ਅਚਾਨਕ ਜਦੋਂ ਉਸ ਦਾ ਧਿਆਨ ਮੇਨਗੇਟ ‘ਤੇ ਪਿਆ ਤਾਂ ਉੱਥੇ ਪਾਕਿਸਤਾਨ ਦੇ ਝੰਡੇ ਚਿਪਕੇ ਹੋਏ ਸਨ।
ਉਨ੍ਹਾਂ ਨੇ ਜਦੋਂ ਮੰਦਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਕਤ ਮੁਲਜ਼ਮ ਉਸ ਵਿਚ ਕੈਦ ਸਨ। ਫੁਟੇਜ ਵਿਚ ਨਜ਼ਰ ਆ ਰਿਹਾ ਸੀ ਕਿ 2 ਲੋਕ ਐਕਟਿਵਾ ‘ਤੇ ਸਵਾਰ ਹੋ ਕੇ ਆਏ ਤੇ ਕੁਝ ਮਿਨਟਾਂ ਵਿਚ ਹੀ ਇਹ ਕਾਰਾ ਕਰ ਕੇ ਚਲੇ ਗਏ। ਪੁਲਸ ਮੁਤਾਬਕ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

