- ਵੱਡੀ ਤੇ ਛੋਟੀ ਨਦੀ ਦੇ ਨਾਲ ਲੱਗਦੇ ਖੇਤਰਾਂ ਦਾ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਦੌਰਾ, ਨਜਾਇਜ਼ ਕਬਜ਼ੇ ਹਟਵਾਉਣ ਤੇ ਗਰੀਨ ਬੈਲਟ ਵਿਕਸਤ ਕਰਨ ਦੀ ਕੀਤੀ ਹਦਾਇਤ
- ਸਰਕਾਰ ਪੂਰੀ ਤਰ੍ਹਾਂ ਚੌਕਸ; ਪਟਿਆਲਾ ‘ਚ ਦੁਬਾਰਾ ਹੜ੍ਹ ਵਰਗੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ : ਡਾ. ਬਲਬੀਰ ਸਿੰਘ
- ਜਲਦ ਦੋ ਨਵੇਂ ਐਸ.ਟੀ.ਪੀ. ਸ਼ੁਰੂ ਹੋਣ ਨਾਲ ਵੱਡੀ ਨਦੀ ‘ਚ ਗੰਦਾ ਪਾਣੀ ਪੈਣ ਦੀ ਸਮੱਸਿਆ ਹੋਵੇਗੀ ਹੱਲ
- ਜੁਝਾਰ ਨਗਰ ਵਿਖੇ ਪਾਰਕ ਨੇੜੇ ਬਣਾਇਆ ਜਾਵੇਗਾ ਸਰਕਾਰੀ ਪ੍ਰਾਇਮਰੀ ਸਕੂਲ : ਡਾ. ਬਲਬੀਰ ਸਿੰਘ
- ਪੁੱਡਾ ਦੀਆਂ ਕਲੋਨੀਆਂ ਦੇ ਵਾਸੀਆਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਹੱਲ : ਕੈਬਨਿਟ ਮੰਤਰੀ
ਪਟਿਆਲਾ, 30 ਅਪ੍ਰੈਲ 2025 – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੀ ਵੱਡੀ ਤੇ ਛੋਟੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਮਈ ਮਹੀਨੇ ‘ਚ ਨਦੀਆਂ ਦੀ ਪੂਰੀ ਸਫ਼ਾਈ ਕਰਨ ਸਮੇਤ ਨਦੀਆਂ ਦੇ ਆਲੇ-ਦੁਆਲੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਤੇ ਨਦੀਆਂ ਦੇ ਨਾਲ ਗਰੀਨ ਬੈਲਟ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਵੱਡੀ ਤੇ ਛੋਟੀ ਨਦੀ ਦੇ ਨਾਲ ਲੱਗਦੇ ਸਾਰੇ ਇਲਾਕੇ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਇਸ ਲਈ ਪਟਿਆਲਾ ਵਿੱਚ ਦੁਬਾਰਾ ਹੜ੍ਹ ਵਰਗੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਡਰੇਨੇਜ਼ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਈ ਮਹੀਨੇ ਦੇ ਅੰਦਰ ਹੀ ਨਦੀਆਂ ਦੀ ਸਫ਼ਾਈ ਦਾ ਕੰਮ ਮੁਕੰਮਲ ਕਰਨ ਤੇ ਜਿਥੇ ਬੰਨ੍ਹ ਬਣਾਉਣ ਦੀ ਜ਼ਰੂਰਤ ਹੈ, ਉਥੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਫਲੌਲੀ ਵਿਖੇ ਵੱਡੀ ਨਦੀ ਨਾਲ ਪਈ ਜਗ੍ਹਾ ਨੂੰ ਗਰੀਨ ਬੈਲਟ ਵਜੋਂ ਵਿਕਸਤ ਕਰਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਸਿਹਤ ਮੰਤਰੀ ਨੇ ਕਿਹਾ ਕਿ ਵੱਡੀ ਨਦੀ ਵਿੱਚ ਆਲੇ-ਦੁਆਲੇ ਦੀਆਂ ਕਲੋਨੀਆਂ ਦਾ ਗਿਰਦਾ ਗੰਦਾ ਪਾਣੀ ਦੌਲਤਪੁਰ ਨੇੜੇ 15 ਐਮ.ਐਲ.ਡੀ. ਦਾ ਐਸ.ਟੀ.ਪੀ. ਤੇ ਸੰਨੀ ਇਨਕਲੇਵ ਦੇ ਪਿਛਲੇ ਪਾਸੇ 26 ਐਮ.ਐਲ.ਡੀ. ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਣ ਨਾਲ ਬੰਦ ਹੋ ਜਾਵੇਗਾ ਤੇ ਇਹ ਪਲਾਂਟ ਸਤੰਬਰ ਮਹੀਨੇ ਵਿੱਚ ਸ਼ੁਰੂ ਹੋ ਜਾਣਗੇ।
ਆਪਣੇ ਦੌਰੇ ਦੌਰਾਨ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ ਵਿਖੇ ਪਾਰਕ ਨੇ ਨੇੜੇ ਪਈ ਖਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਥੇ ਪ੍ਰਾਇਮਰੀ ਸਕੂਲ ਬਣਾਉਣ ਲਈ ਕਾਰਵਾਈ ਅਰੰਭਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੁਝਾਰ ਨਗਰ ਦਾ ਸਕੂਲ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਹੈ ਤੇ ਇਥੇ 150 ਤੋਂ ਵੱਧ ਬੱਚੇ ਸਿੱਖਿਆ ਲੈ ਰਹੇ ਹਨ, ਇਸ ਲਈ ਪਾਰਕ ਨਾਲ ਪਈ ਜਗ੍ਹਾ ‘ਤੇ ਸਰਕਾਰੀ ਸਕੂਲ ਬਣਾਇਆ ਜਾਵੇਗਾ, ਜਿਸ ਦਾ ਇਲਾਕੇ ਨੂੰ ਵੱਡਾ ਲਾਭ ਹੋਵੇਗਾ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਰਬਨ ਅਸਟੇਟ ਵਿਖੇ ਪੁੱਡਾ ਭਵਨ ‘ਚ ਪੁੱਡਾ ਵੱਲੋਂ ਵਿਕਸਤ ਕੀਤੀਆਂ ਅਰਬਨ ਅਸਟੇਟ, ਪੁੱਡਾ ਇਨਕਲੇਵਜ਼ ਦੇ ਹੋਰ ਕਲੋਨੀਆਂ ਦੀਆਂ ਰੈਜੀਡੈਂਸ ਵੇਲਫੇਅਰ ਸੁਸਾਇਟੀਆਂ ਨਾਲ ਬੈਠਕ ਕਰਦਿਆਂ ਕਿਹਾ ਕਿ ਇਨ੍ਹਾਂ ਕਲੋਨੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਵੈਲਫੇਅਰ ਸੁਸਾਇਟੀਜ਼ ਨਾਲ ਸੜ੍ਹਕਾਂ ਦੀ ਮੁਰੰਮਤ, ਪਾਰਕਾਂ ਦੀ ਸਫ਼ਾਈ ਸਮੇਤ ਅਰਬਨ ਅਸਟੇਟ ਵਿੱਚ ਸਕੂਲ ਬਣਾਉਣ ਵਰਗੇ ਮਸਲਿਆਂ ‘ਤੇ ਚਰਚਾ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਵਿਚਾਰੇ ਗਏ ਸਾਰੇ ਕੰਮਾਂ ਨੂੰ ਸਮਾਂਬੱਧ ਕਰਕੇ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਕੌਸਲਰ ਮੋਹਿਤ ਕੁਮਾਰ, ਪ੍ਰਿਤਪਾਲ ਸਿੰਘ ਭੰਡਾਰੀ ਮੌਜੂਦ ਸਨ।
