ਚੰਡੀਗੜ੍ਹ, 1 ਮਈ 2025: ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਇਕ ਕਾਰਵਾਈ ਵਿਚ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵਿਦੇਸ਼ੀ ਜੱਸਾ ਅਤੇ ਉਸਦੇ ਸਾਥੀਆਂ ਦੁਆਰਾ ਚਲਾਏ ਜਾ ਰਹੇ ਇੱਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜਿਸਦੇ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਬੰਧ ਹਨ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਜੱਸਾ ਅਤੇ ਉਸਦੇ ਵਿਦੇਸ਼ੀ ਸਾਥੀਆਂ ਨੇ ਆਪਣੇ ਭਾਰਤ-ਅਧਾਰਤ ਸਾਥੀ, ਜੋਧਬੀਰ ਸਿੰਘ ਉਰਫ ਜੋਧਾ, ਜੋ ਕਿ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ, ਨਾਲ ਸਬੰਧ ਸਥਾਪਿਤ ਕੀਤੇ ਹਨ। ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਜੋਧਬੀਰ ਸਿੰਘ ਸਰਗਰਮੀ ਨਾਲ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਦਾ ਹੈ ਅਤੇ ਉਨ੍ਹਾਂ ਨੂੰ ਭਾਰਤ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਵੰਡਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ਦਰਸਾਉਂਦੀ ਹੈ ਕਿ ਜੋਧਬੀਰ ਸਿੰਘ ਨਸ਼ੀਲੇ ਪਦਾਰਥਾਂ ਦੀ ਕਮਾਈ ਵੀ ਇਕੱਠੀ ਕਰਦਾ ਹੈ ਅਤੇ ਹਵਾਲਾ ਚੈਨਲਾਂ ਰਾਹੀਂ ਪਾਕਿਸਤਾਨ ਭੇਜਦਾ ਹੈ।

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਨੇ ਛਾਪੇਮਾਰੀ ਦੌਰਾਨ 5 ਕਿਲੋ ਹੈਰੋਇਨ, 1 ਕਰੰਸੀ ਗਿਣਨ ਵਾਲੀ ਮਸ਼ੀਨ, ਅਤੇ ਹੋਰ ਬਹੁਤ ਕੁਝ ਬਰਾਮਦ ਕੀਤਾ ਹੈ। ਅੰਮ੍ਰਿਤਸਰ ਦੇ ਪੁਲਸ ਸਟੇਸ਼ਨ ਐੱਸ.ਐੱਸ.ਓ.ਸੀ. ਵਿਖੇ ਇੱਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਅਤੇ ਉਸਦੇ ਨੈੱਟਵਰਕ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
