ਚੰਡੀਗੜ੍ਹ, 1 ਮਈ 2025: ਆਈ.ਪੀ.ਐੱਲ. ‘ਚ ਧਮਾਕੇਦਾਰ ਪ੍ਰਦਰਸ਼ਨ ਕਰ ਰਹੀ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਾ ਹੈ, ਜਦੋਂ ਟੀਮ ਦੇ ਧਾਕੜ ਆਲਰਾਊਂਡਰ ਆਸਟ੍ਰੇਲੀਆ ਦੇ ਗਲੈੱਨ ਮੈਕਸਵੈੱਲ ਜ਼ਖ਼ਮੀ ਹੋ ਕੇ ਟੂਰਨਾਮੈਂਟ ਦੇ ਬਾਕੀ ਮੈਚਾਂ ‘ਚੋਂ ਬਾਹਰ ਹੋ ਗਏ ਹਨ। ਇਹ ਜਾਣਕਾਰੀ ਪੰਜਾਬ ਕਿੰਗਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਰਾਹੀਂ ਸਾਂਝੀ ਕੀਤੀ ਹੈ। ਟੀਮ ਨੇ ਆਪਣੀ ਪੋਸਟ ‘ਚ ਲਿਖਿਆ, ”ਉਂਗਲੀ ਦੀ ਸੱਟ ਕਾਰਨ ਗਲੈੱਨ ਮੈਕਸਵੈੱਲ ਸੀਜ਼ਨ ਦੇ ਬਾਕੀ ਮੁਕਾਬਲਿਆਂ ਤੋਂ ਬਾਹਰ ਹੋ ਗਏ ਹਨ। ਅਸੀਂ ਉਸ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।”
ਇਸ ਤੋਂ ਪਹਿਲਾਂ ਉਸ ਦੇ ਸਾਥੀ ਮਾਰਕਸ ਸਟੋਇਨਿਸ ਤੇ ਕੋਚ ਰਿਕੀ ਪੌਂਟਿੰਗ ਨੇ ਦੱਸਿਆ ਸੀ ਕਿ ਕੋਲਕਾਤਾ ਖ਼ਿਲਾਫ਼ ਮੈਚ ਦੌਰਾਨ ਉਸ ਦੀ ਉਂਗਲੀ ‘ਤੇ ਸੱਟ ਲੱਗ ਗਈ ਸੀ, ਜਿਸ ਨੂੰ ਉਸ ਨੇ ਪਹਿਲਾਂ ਤਾਂ ਛੋਟੀ-ਮੋਟੀ ਸੱਟ ਸਮਝਿਆ, ਪਰ ਜਦੋਂ ਸਕੈਨਿੰਗ ਰਿਪੋਰਟ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਇਹ ਸੱਟ ਗੰਭੀਰ ਹੈ, ਜਿਸ ਮਗਰੋਂ ਉਨ੍ਹਾਂ ਨੇ ਚਿੰਤਾ ਪ੍ਰਗਟਾਈ ਸੀ ਕਿ ਸ਼ਾਇਦ ਮੈਕਸਵੈੱਲ ਸੀਜ਼ਨ ਦੇ ਮੌਜੂਦਾ ਮੁਕਾਬਲਿਆਂ ‘ਚ ਨਹੀਂ ਖੇਡ ਸਕੇਗਾ।
ਇਸੇ ਕਾਰਨ ਮੈਕਸਵੈੱਲ ਚੇਨਈ ਖ਼ਿਲਾਫ਼ ਮੁਕਾਬਲੇ ‘ਚ ਵੀ ਨਹੀਂ ਉਤਰ ਸਕੇ ਸਨ। ਟੀਮ ਨੇ ਮੈਕਸਵੈੱਲ ਦੀ ਜਗ੍ਹਾ ਸੂਰਯਾਂਸ਼ ਸ਼ੇਡਗੇ ਨੂੰ ਖਿਡਾਇਆ ਗਿਆ ਸੀ। ਇਸ ਮੁਕਾਬਲੇ ‘ਚ ਪੰਜਾਬ ਨੇ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਸੀ।

ਹਾਲਾਂਕਿ ਇਸ ਸੀਜ਼ਨ ‘ਚ ਮੈਕਸਵੈੱਲ ਦਾ ਪ੍ਰਦਰਸ਼ਨ ਵੀ ਕੁਝ ਖ਼ਾਸ ਨਹੀਂ ਰਿਹਾ ਹੈ। ਉਹ ਬੱਲੇ ਦੇ ਨਾਲ-ਨਾਲ ਗੇਂਦਬਾਜ਼ੀ ‘ਚ ਵੀ ਛਾਪ ਛੱਡਣ ‘ਚ ਅਸਫ਼ਲ ਰਿਹਾ ਹੈ। ਇਸ ਸੀਜ਼ਨ ‘ਚ ਉਸ ਨੇ 7 ਮੁਕਾਬਲਿਆਂ ‘ਚ ਸਿਰਫ਼ 48 ਦੌੜਾਂ ਬਣਾਈਆਂ ਹਨ, ਜਿਨ੍ਹਾਂ ‘ਚ ਉਸ ਦੀ ਔਸਤ 8 ਦੀ ਰਹੀ ਹੈ।
