- ਆਖਿਆ, ‘ਜੇ ਉਹ ਵੀ ਕਿਸਾਨਾਂ ਦੀ ਰੱਖਿਆ ਦਾ ਐਲਾਨ ਕਰ ਦੇਣ ਤਾਂ ਵੀ ਪੰਜਾਬ ਪੁਲਿਸ ਦੂਜੇ ਸੂਬੇ ਵਿੱਚ 72 ਘੰਟਿਆਂ ਤੋਂ ਵੱਧ ਨਹੀਂ ਰਹਿ ਸਕਦੀ’
ਚੰਡੀਗੜ੍ਹ, 31 ਜਨਵਰੀ 2021 – ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਪੰਜਾਬ ਕਿਸਾਨਾਂ ਦੀ ਸੁਰੱਖਿਆ ਲਈ ਸੂਬੇ ਦੀ ਪੁਲਿਸ ਫੋਰਸ ਨੂੰ ਤਾਇਨਾਤ ਕਰਨ ਦੀ ਮੰਗ ਨੂੰ ਆਪਹੁਦਰੀ, ਬੇਤੁਕੀ ਤੇ ਤਰਕਹੀਣ ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਸਪੱਸ਼ਟ ਤੌਰ ’ਤੇ ਸੰਵਿਧਾਨਕ ਅਤੇ ਕਾਨੂੰਨੀ ਪ੍ਰਕਿਰਿਆ ਦੇ ਸਾਰੇ ਅਰਥ ਭੁੱਲ ਚੁੱਕੀ ਹੈ। ਇਥੋਂ ਤੱਕ ਕਿ ਆਪ ਸਰਵਉੱਚ ਅਦਾਲਤ ਵੱਲੋਂ ਨਿਰਧਾਰਤ ਕੀਤੇ ਕਾਨੂੰਨਾਂ ਤੋਂ ਪੂਰੀ ਤਰਾਂ ਅਣਜਾਨ ਹੈ।
ਆਪ ਵੱਲੋਂ ਉਨਾਂ ਦੇ ਦਫਤਰ ਨੂੰ ਲਿਖੇ ਪੱਤਰ ਜਿਸ ਵਿੱਚ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਲਈ ਸੁਰੱਖਿਆ ਦੀ ਮੰਗ ਕੀਤੀ ਹੈ, ਉਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਗ ਨਾ ਸਿਰਫ ਪੂਰੀ ਤਰਾਂ ਗੈਰਕਾਨੂੰਨੀ ਤੇ ਤਰਕਹੀਣ ਹੈ ਸਗੋਂ ਕਾਨੂੰਨ ਦੇ ਸਾਰੇ ਸਿਧਾਤਾਂ ਅਤੇ ਨਿਯਮਾਂ ਦੇ ਖਿਲਾਫ ਹੈ।
ਆਪ ਦੀ ਅਰਥਹੀਣ ਮੰਗ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਕਿਸੇ ਵੀ ਦੂਜੇ ਸੂਬੇ ਵਿੱਚ ਕਿਸੇ ਦੀ ਰੱਖਿਆ ਲਈ 72 ਘੰਟੇ ਤੋਂ ਵੱਧ ਨਹੀਂ ਠਹਿਰ ਸਕਦੀ। ਉਨਾਂ ਅੱਗੇ ਕਿਹਾ, ‘‘ਤਾਂ ਇਸ ਦਾ ਅਰਥ ਇਹ ਹੋਵੇਗਾ ਜੇ ਮੈਂ ਅੱਜ ਅਜਿਹੇ ਕਿਸੇ ਵੀ ਹੁਕਮ ਉਤੇ ਦਸਤਖਤ ਕਰ ਵੀ ਦੇਵਾ ਤਾਂ ਜਿਸ ਅਨੁਸਾਰ ਸਿਰਫ ਕੁਝ ਕੁ ਹੀ, ਜੇਕਰ ਸਾਰੇ ਨਹੀਂ, ਕਿਸਾਨਾਂ ਨੂੰ ਸੁਰੱਖਿਅਕ (ਸੁਰੱਖਿਆ ਦੀ ਲੋੜ ਵਾਲੇ) ਐਲਾਨਿਆ ਜਾ ਸਕੇ ਤਾਂ ਵੀ ਇਸ ਦਾ ਅਰਥ ਇਹ ਹੋਵੇਗਾ ਕਿ ਪੰਜਾਬ ਪੁਲਿਸ ਉਥੇ ਉਨਾਂ ਦੇ ਨਾਲ 72 ਘੰਟਿਆਂ ਦੀ ਮਿਆਦ ਤੋਂ ਵੱਧ ਨਹੀਂ ਰੁਕ ਸਕਦੀ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ, ‘‘ਇਸ ਦਾ ਅਰਥ ਇਹ ਹੋਵੇਗਾ ਕਿ ਬਤੌਰ ਮੁੱਖ ਮੰਤਰੀ ਪੰਜਾਬ ਜੋ ਕਿ ਮੈਂ ਹਾਂ ਭਾਵੇਂ ਆਮ ਆਦਮੀ ਪਾਰਟੀ ਕੁੱਝ ਵੀ ਸੋਚੇ, ਮੇਰੇ ਹੱਥ ਕਾਨੂੰਨ ਨਾਲ ਬੱਝੇ ਹੋਏ ਹਨ ਜਿਸ ਕਾਨੂੰਨ ਦੀ ਤੁਹਾਡੀ ਪਾਰਟੀ ਕੋਈ ਸਤਿਕਾਰ ਨਹੀਂ ਕਰਦੀ।’’ ਆਪ ਦੇ ਅਫਸੋਸਨਾਕ ਪੱਤਰ ਜਿਸ ਨੇ ਸਿਰਫ ਪੰਜਾਬ ਨੂੰ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਵਾਸਤੇ ਆਪ ਦੇ ਉਤਾਵਲੇਪਣ ਨੂੰ ਉਜਾਗਰ ਕੀਤਾ ਹੈ, ’ਤੇ ਚੁਟਕੀ ਲੈਂਦਿਆਂ ਉਨਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਮੁਹੱਲਾ ਪੱਧਰ ਦੀ ਰਾਜਨੀਤੀ ’ਤੇ ਉਤਰ ਆਈ ਹੈ ਅਤੇ ਸਾਰੇ ਕਾਨੂੰਨੀ ਪੱਖਾਂ ਨੂੰ ਹਵਾ ਵਿੱਚ ਉਡਾ ਦਿੱਤਾ ਹੈ।
ਇਸ ਮੁੱਦੇ ’ਤੇ ਸੁਨੀਲ ਜਾਖੜ ਦੇ ਬਿਆਨ ਦੀ ਆਲੋਚਨਾ ਕੀਤੇ ਜਾਣ ਲਈ ਆਪ ’ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਸਗੋਂ ਆਪ ਸੀ ਜੋ ਬੇਤੁਕੀਆਂ ਗੱਲਾਂ ਵਿੱਚ ਉਲਝੀ ਹੋਈ ਸੀ, ਜਿਸ ਨੂੰ ਸਪੱਸ਼ਟ ਤੌਰ ’ਤੇ ਇਕ ਸੁਰੱਖਿਅਤ ਅਤੇ ਇਕ ਗੈਰ-ਸੁਰੱਖਿਅਤ ਨਾਗਰਿਕ ਵਿੱਚ ਫਰਕ ਨਹੀਂ ਪਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਸ਼ਾਇਦ ਤੁਹਾਨੂੰ ਇਸ ਬਾਰੇ ਦਿੱਲੀ ਵਿੱਚ ਆਪਣੇ ਮੁੱਖ ਮੰਤਰੀ ਤੋਂ ਪੁੱਛਣਾ ਚਾਹੀਦਾ ਹੈ, ਹਾਲਾਂਕਿ ਕੇਜਰੀਵਾਲ ਦੇ ਮਾੜੇ ਸਾਸ਼ਨ ਅਤੇ ਅਣਦੇਖੀ ਦੇ ਟਰੈਕ ਰਿਕਾਰਡ ਨੂੰ ਵੇਖਦਿਆਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਹ ਇਸ ਬਾਰੇ ਜ਼ਿਆਦਾ ਜਾਣਦੇ ਹੋਣਗੇ।’’
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇ ‘ਆਪ’ ਨੇ ਤੱਥਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਹ ਇਸ ਮੁੱਦੇ ’ਤੇ ਕਾਨੂੰਨੀ ਸਥਿਤੀ ਦਾ ਪਤਾ ਲਗਾ ਲੈਂਦੇ ਅਤੇ ਇਸ ਤਰਾਂ ਸਮਾਂ ਬਰਬਾਦ ਨਾ ਕਰਦੇ, ਜਿਸਦੀ ਵਰਤੋਂ ਉਹ ਅੰਦੋਲਨਕਾਰੀ ਕਿਸਾਨਾਂ ਦੇ ਭਲੇ ਲਈ ਕਰ ਸਕਦੇ ਸਨ, ਜੋ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਸਰਹੱਦ ’ਤੇ ਉਨਾਂ ਦੇ ਬਿਲਕੁਲ ਨਜ਼ਦੀਕ ਬੈਠੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ‘ਆਪ’ ਦਾ ਪੱਤਰ ਪਾਰਟੀ ਵੱਲੋਂ ਲਾਲ ਕਿਲੇ ਦੀ ਹਿੰਸਾ ਵਿੱਚ ਆਪਣੀ ਭੂਮਿਕਾ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਇਕ ਚਾਲ ਤੋਂ ਇਲਾਵਾ ਹੋਰ ਕੁਝ ਨਹੀਂ, ਜਿਸ ਕਰਕੇ ਕਿਸਾਨਾਂ ਨੂੰ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਨਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ‘ਆਪ’ ਦੇ ਆਪਣੇ ਆਦਮੀ ਲਾਲ ਕਿਲੇ ’ਤੇ ਹਿੰਸਾ ਭੜਕਾਉਂਦੇ ਕੈਮਰੇ ਵਿੱਚ ਫੜੇ ਗਏ। ਉਨਾਂ ਅੱਗੇ ਕਿਹਾ ਕਿ ਕੇਜਰੀਵਾਲ ਵੱਲੋਂ ਆਪਣੇ ਸੂਬੇ ਵਿੱਚ ਖੇਤੀ ਕਾਨੂੰਨਾਂ ’ਚੋਂ ਇੱਕ ਨੂੰ ਨੋਟੀਫਾਈ ਕਰਨ ਨਾਲ ਖੇਤੀ ਕਾਨੂੰਨਾਂ ’ਤੇ ‘ਆਪ’ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਿਲੀਭੁਗਤ ਦਾ ਖੁਲਾਸਾ ਪਹਿਲਾਂ ਹੀ ਹੋ ਗਿਆ ਹੈ ਅਤੇ ਇਹ ਹੁਣ ਕਿਸੇ ਚਰਚਾ ਦਾ ਵਿਸ਼ਾ ਨਹੀਂ ਰਿਹਾ।
ਕਿਸਾਨਾਂ ਦੇ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਭਾਜਪਾ ਨਾਲ ਮਿਲ ਕੇ ਸਾਜਿਸ਼ ਘੜਨ ਲਈ ਆਪ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਦੋਵੇਂ ਪਾਰਟੀਆਂ ਵੱਲੋਂ ਹਿੰਸਾ ਭੜਕਾਏ ਜਾਣ ਤੱਕ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਪੁਲਿਸ ਸੁਰੱਖਿਆ ਦੀ ਮੰਗ ਕਰਨਾ, ਇਸ ਡਰਾਮੇਬਾਜ਼ਾਂ ਦੀ ਪਾਰਟੀ ਵੱਲੋਂ ਕੀਤੀ ਜਾ ਰਹੀ ਡਰਾਮੇਬਾਜ਼ੀ ਤੋਂ ਸਿਵਾਏ ਹੋਰ ਕੁਝ ਨਹੀਂ।