ਚੰਡੀਗੜ੍ਹ, 8 ਮਈ 2025 – ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਚਲਾ ਕੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲਿਆ ਹੈ। ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਇੱਕ ਸੂਤਰ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਇਸ ਨਾਲ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਟੂਰਨਾਮੈਂਟ ਆਮ ਵਾਂਗ ਜਾਰੀ ਰਹੇਗਾ। ਹਾਲਾਂਕਿ, 11 ਮਈ ਨੂੰ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਹੋਣ ਵਾਲਾ ਮੈਚ ਹੁਣ ਧਰਮਸ਼ਾਲਾ ਦੀ ਬਜਾਏ ਨਵੀਂ ਮੁੰਬਈ ਵਿੱਚ ਖੇਡਿਆ ਜਾ ਸਕਦਾ ਹੈ।
ਟੂਰਨਾਮੈਂਟ ਦਾ ਫਾਈਨਲ 25 ਮਈ ਨੂੰ ਕੋਲਕਾਤਾ ਵਿੱਚ ਹੋਣਾ ਹੈ। ਇਸ ਵੇਲੇ ਆਈਪੀਐਲ ਦੇ 18ਵੇਂ ਸੀਜ਼ਨ ਵਿੱਚ 17 ਮੈਚ ਖੇਡੇ ਜਾਣੇ ਬਾਕੀ ਹਨ। ਲੀਗ ਪੜਾਅ ਦਾ 57ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡਿਆ ਗਿਆ।

ਮੁੰਬਈ-ਪੰਜਾਬ ਮੈਚ ਦੇ ਸਥਾਨ ਵਿੱਚ ਬਦਲਾਅ ਕਿਉਂ ?
11 ਮਈ ਨੂੰ ਧਰਮਸ਼ਾਲਾ ਵਿੱਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਣ ਵਾਲੇ ਮੈਚ ਦਾ ਸਥਾਨ ਬਦਲਿਆ ਜਾ ਸਕਦਾ ਹੈ। ਆਪ੍ਰੇਸ਼ਨ ਸਿੰਦੂਰ ਨੂੰ ਧਿਆਨ ਵਿੱਚ ਰੱਖਦੇ ਹੋਏ, ਧਰਮਸ਼ਾਲਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਉੱਥੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਚ ਦਾ ਸਥਾਨ ਬਦਲਿਆ ਜਾ ਸਕਦਾ ਹੈ।
ਪਹਿਲਗਾਮ ਹਮਲੇ ਵਿੱਚ 26 ਸੈਲਾਨੀ ਮਾਰੇ ਗਏ
22 ਅਪ੍ਰੈਲ ਨੂੰ ਅੱਤਵਾਦੀਆਂ ਨੇ ਪਹਿਲਗਾਮ ਨੇੜੇ ਬੈਸਰਨ ਘਾਟੀ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਵਿੱਚ ਇੱਕ ਨੇਪਾਲੀ ਨਾਗਰਿਕ ਵੀ ਸ਼ਾਮਲ ਸੀ। 10 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੈਸਰਨ ਘਾਟੀ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ।
