- ਭਾਗੀਰਥੀ ਨਦੀ ਨੇੜੇ ਹਾਦਸਾ; ਸ਼ਰਧਾਲੂ ਜਾ ਰਹੇ ਸਨ ਗੰਗੋਤਰੀ ਧਾਮ
ਉੱਤਰਕਾਸ਼ੀ, 8 ਮਈ 2025 – ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਵੀਰਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ 7 ਲੋਕ ਸਵਾਰ ਸਨ। 5 ਯਾਤਰੀਆਂ ਦੀ ਮੌਤ ਹੋ ਗਈ, 2 ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਉੱਤਰਕਾਸ਼ੀ ਦੇ ਗੰਗਾਨੀ ‘ਚ ਭਾਗੀਰਥੀ ਨਦੀ ਦੇ ਕੋਲ ਵਾਪਰਿਆ। ਹੈਲੀਕਾਪਟਰ ਗੰਗੋਤਰੀ ਧਾਮ ਜਾ ਰਿਹਾ ਸੀ। ਪ੍ਰਸ਼ਾਸਨ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ 4 ਪੁਰਸ਼ ਅਤੇ 2 ਔਰਤਾਂ ਸਵਾਰ ਸਨ। ਕੈਪਟਨ ਰੌਬਿਨ ਸਿੰਘ ਇਸਦਾ ਪਾਇਲਟ ਸੀ।
ਸੈਲਾਨੀਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਨੇ ਦੇਹਰਾਦੂਨ ਦੇ ਸਹਸਤਰਧਾਰਾ ਹੈਲੀਪੈਡ ਤੋਂ ਉਡਾਣ ਭਰੀ। ਉਨ੍ਹਾਂ ਨੂੰ ਖਰਸਲੀ ਵਿਖੇ ਉਤਾਰਨਾ ਸੀ ਅਤੇ ਫੇਰ ਯਾਤਰੀਆਂ ਨੇ ਖਰਸਲੀ ਤੋਂ ਗੰਗੋਤਰੀ ਧਾਮ ਜਾਣਾ ਸੀ। ਇਹ ਹੈਲੀਕਾਪਟਰ ਨਿੱਜੀ ਕੰਪਨੀ ਏਅਰੋਟ੍ਰਾਂਸ ਸਰਵਿਸ ਦਾ ਸੀ।
ਚਾਰਧਾਮ ਰੂਟ ‘ਤੇ ਤੂਫਾਨ ਅਤੇ ਮੀਂਹ ਦੀ ਚੇਤਾਵਨੀ
ਪਿਛਲੇ ਕੁਝ ਦਿਨਾਂ ਤੋਂ ਉਤਰਾਖੰਡ ਵਿੱਚ ਮੌਸਮ ਖਰਾਬ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਚਾਰਧਾਮ ਯਾਤਰਾ ਰੂਟ ‘ਤੇ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਰਹੀ ਹੈ। ਕੁਝ ਥਾਵਾਂ ‘ਤੇ ਗਰਜ ਦੇ ਨਾਲ-ਨਾਲ ਗੜੇ ਵੀ ਪਏ ਹਨ।

