ਪੰਜਾਬ ਸਰਕਾਰ ਵੱਲੋਂ 26 ਜਨਵਰੀ ਮੌਕੇ ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਹੈਲਪਲਾਈਨ ਨੰਬਰ ਜਾਰੀ

  • ਕੇਂਦਰੀ ਗ੍ਰਹਿ ਮੰਤਰਾਲੇ ਕੋਲ ਉਠਾਵਾਂਗਾ ਮਾਮਲਾ, ਲਾਪਤਾ ਵਿਅਕਤੀਆਂ ਦੀ ਘਰ ਵਾਪਸੀ ਨੂੰ ਯਕੀਨੀ ਬਣਾਵਾਂਗਾ
  • ਮੁੱਖ ਮੰਤਰੀ ਦੇ ਹੁਕਮਾਂ ’ਤੇ ਦਿੱਲੀ ਵਿੱਚ ਕੇਸਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ 70 ਵਕੀਲ ਨਿਯੁਕਤ

ਚੰਡੀਗੜ੍ਹ, 2 ਫਰਵਰੀ 2021 – ਗਣਤੰਤਰ ਦਿਵਸ ਮੌਕੇ ਕੱਢੀ ਗਈ ਟਰੈਕਟਰ ਰੈਲੀ ਦੇ ਸਮੇਂ ਤੋਂ ਦਿੱਲੀ-ਹਰਿਆਣਾ ਖੇਤਰ ਵਿੱਚ ਪੰਜਾਬ ਦੇ 100 ਤੋਂ ਵੱਧ ਵਿਅਕਤੀਆਂ ਦੇ ਲਾਪਤਾ ਹੋਣ ਕਰਕੇ ਪੈਦਾ ਹੋਈ ਚਿੰਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸਬੰਧੀ ਸੂਚਨਾ ਦੇਣ ਲਈ ‘ਹੈਲਪਲਾਈਨ ਨੰਬਰ 112’ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਸੂਬੇ ਦੇ ਐਡਵੋਕੇਟ ਜਨਰਲ ਵੱਲੋਂ 70 ਵਕੀਲ ਨਿਯੁਕਤ ਕੀਤੇ ਗਏ ਹਨ ਤਾਂ ਕਿ ਕੌਮੀ ਰਾਜਧਾਨੀ ਵਿੱਚ ਕੇਸਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਆਪਣੀ ਸਰਕਾਰ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ’ਤੇ ਉਨਾਂ ਦੇ ਕੈਬਨਿਟ ਸਾਥੀਆਂ ਨੇ ਕੇਂਦਰ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਨਿੱਜੀ ਤੌਰ ’ਤੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਅਜਿਹੇ ਲਾਪਤਾ ਕਿਸਾਨਾਂ/ਵਿਅਕਤੀਆਂ ਦਾ ਮਾਮਲਾ ਉਠਾਉਣਗੇ।

ਮੁੱਖ ਮੰਤਰੀ ਨੇ ਕਿਹਾ,‘‘ਸਾਡੇ ਦਿਲ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨਾਲ ਹਨ।’’ ਉਨਾਂ ਨੇ ਪੰਜਾਬ ਵਾਸੀਆਂ ਨੂੰ ਟਰੈਕਟਰ ਰੈਲੀ ਦੌਰਾਨ ਲਾਪਤਾ ਹੋਏ ਕਿਸੇ ਵੀ ਵਿਅਕਤੀ, ਇੱਥੋਂ ਤੱਕ ਕਿ ਅਜਿਹੇ ਵਿਅਕਤੀਆਂ ਦੇ ਸੰਦਰਭ ਵਿੱਚ ਅਜੇ ਤੱਕ ਕੇਸ ਦਰਜ ਵੀ ਨਹੀਂ ਹਨ, ਨੂੰ ਤੁਰੰਤ 112 ਨੰਬਰ ’ਤੇ ਡਾਇਲ ਕਰਨ ਦੀ ਅਪੀਲ ਕੀਤੀ।

ਅੱਜ ਵਰਚੁਅਲ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਇਸ ਮਸਲੇ ’ਤੇ ਚਿੰਤਾ ਜ਼ਾਹਰ ਕੀਤੀ ਸੀ ਜਿਸ ਦੌਰਾਨ ਮੁੱਖ ਮੰਤਰੀ ਨੇ ਕਿਹਾ,‘‘ਅਸੀਂ ਲਾਪਤਾ ਹੋਏ ਵਿਅਕਤੀਆਂ ਨੂੰ ਲੱਭਣ ਲਈ ਜੋ ਵੀ ਸੰਭਵ ਹੋਇਆ, ਕਰਾਂਗੇ। ਅਸੀਂ ਇਨਾਂ ਦੀ ਸੂਚਨਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਨਾਂ ਵਿਅਕਤੀਆਂ ਦੀ ਘਰ ਵਾਪਸੀ ਨੂੰ ਯਕੀਨੀ ਬਣਾਵਾਂਗੇ।’’ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਕੌਮੀ ਰਾਜਧਾਨੀ ਵਿੱਚ ਕਾਨੂੰਨੀ ਕੇਸਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਕਾਨੂੰਨੀ ਮਦਦ ਦੇਣ ਲਈ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਪਹਿਲਾਂ ਹੀ ਆਦੇਸ਼ ਦੇ ਦਿੱਤੇ ਹਨ।

ਬਾਅਦ ਵਿੱਚ ਸ੍ਰੀ ਨੰਦਾ ਨੇ ਖੁਲਾਸਾ ਕੀਤਾ ਕਿ ਉਨਾਂ ਨੇ ਕਿਸਾਨਾਂ, ਜਿਨਾਂ ਖਿਲਾਫ ਗਣਤੰਤਰ ਦਿਵਸ ਦੀ ਹਿੰਸਾ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਕੇਸ ਦਰਜ ਕੀਤੇ ਗਏ ਹਨ, ਨੂੰ ਕਾਨੂੰਨੀ ਸਹਾਇਤਾ ਦੇਣ ਲਈ 70 ਵਕੀਲਾਂ ਦੀ ਟੀਮ ਤਿਆਰ ਕੀਤੀ ਹੈ। ਇਹ ਜਾਣਕਾਰੀ ਮਿਲੀ ਹੈ ਕਿ ਦਿੱਲੀ ਪੁਲੀਸ ਵੱਲੋਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਲਗਪਗ 89 ਵਿਅਕਤੀ ਹਿਰਾਸਤ ਵਿੱਚ ਲਏ ਹਨ ਅਤੇ ਹਿੰਸਾ ਦੇ ਸਬੰਧ ਵਿੱਚ 38 ਐਫ.ਆਈ.ਆਰਜ਼ ਦਰਜ ਹਨ।

ਮੁੱਖ ਮੰਤਰੀ ਨੇ ਇਹ ਨਿਰਦੇਸ਼ ਅਤੇ ਅਪੀਲ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਸੰਦਰਭ ਵਿੱਚ ਕੀਤੀ ਗਈ ਹੈ ਜਿਸ ਵਿੱਚ ਮੋਰਚਾ ਨੇ ਕਿਹਾ ਸੀ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਹਿੰਸਾ ਦੇ ਸਮੇਂ ਤੋਂ ਲੈ ਕੇ 100 ਤੋਂ ਵੱਧ ਵਿਅਕਤੀ ਲਾਪਤਾ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕੈਬਨਿਟ ਵੱਲੋਂ 2021-22 ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ

ਰਾਜ ਸਭਾ ‘ਚ ਵਿਰੋਧੀ ਧਿਰਾਂ ਨੇ ਕੀਤੀ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ