2 ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ’ਤੇ ਵੱਡੀ ਕਾਰਵਾਈ: 76 ਵਿਅਕਤੀ ਛੁਡਵਾਏ

  • ਸੰਚਾਲਕਾਂ ਖਿਲਾਫ਼ ਮੁਕੱਦਮਾ ਦਰਜ
  • ਪੰਜਾਬ ਸਰਕਾਰ ਵਲੋਂ ਸ਼ੁਰੂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ
  • ਜਲੰਧਰ ਪ੍ਰਸ਼ਾਸਨ ਜ਼ਿਲ੍ਹੇ ’ਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵਚਨਬੱਧ : ਡਿਪਟੀ ਕਮਿਸ਼ਨਰ
  • ਕਿਹਾ, ਜਮਸ਼ੇਰ ਅਤੇ ਸਮਰਾਏ ਵਿਖੇ ਚਲਾਏ ਜਾ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਤੋਂ ਵੀ ਛੁਡਾਏ ਜਾ ਚੁੱਕੇ ਨੇ 137 ਵਿਅਕਤੀ
  • ਗੈਰ ਕਾਨੂੰਨੀ ਤੌਰ ‘ਤੇ ਨਸ਼ਾ ਛਡਾਊ ਕੇਂਦਰ ਚਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖਤ ਕਾਨੂੰਨੀ ਕਾਰਵਾਈ : ਐਸ.ਐਸ.ਪੀ.

ਜਲੰਧਰ, 14 ਮਈ 2025: ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੰਗਲਵਾਰ ਨੂੰ ਜਲੰਧਰ ਵਿੱਚ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਸ਼ਾਹਕੋਟ ਇਲਾਕੇ ਵਿੱਚ ਚੱਲਦੇ ਦੋ ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ’ਤੇ ਛਾਪਾ ਮਾਰ ਕੇ 76 ਵਿਅਕਤੀਆਂ ਨੂੰ ਛੁਡਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀਆਂ ਹਦਾਇਤਾਂ ’ਤੇ ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਢੰਡਵਾਲ (ਥਾਣਾ ਸ਼ਾਹਕੋਟ) ਵਿੱਚ ਬਾਬਾ ਦੀਪ ਸਿੰਘ ਵੈੱਲਫੇਅਰ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਇਕ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਨੂੰ ਚੈੱਕ ਕੀਤਾ ਗਿਆ ਅਤੇ ਇਥੋਂ 47 ਵਿਅਕਤੀਆਂ ਨੂੰ ਛੁਡਵਾਇਆ ਗਿਆ ਹੈ। ਇਸ ਮਾਮਲੇ ਵਿੱਚ ਮਕਾਨ ਮਾਲਕ ਅਤੇ ਸੋਸਾਇਟੀ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੀ ਕਾਰਵਾਈ ਪਿੰਡ ਬਾਜਵਾ ਕਲਾਂ ਵਿਖੇ ਟਰਨਿੰਗ ਪੁਆਇੰਟ ਡੀ-ਅਡੀਕਸ਼ਨ ਸੈਂਟਰ ’ਤੇ ਕੀਤੀ ਗਈ, ਜਿਥੋਂ 29 ਵਿਅਕਤੀਆਂ ਨੂੰ ਛੁਡਵਾਇਆ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਥਾਣਾ ਸ਼ਾਹਕੋਟ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਅਮਲ ਵਿੱਚ ਲਿਆਂਦੀ ਗਈ ਹੈ। ਇਸੇ ਤਰ੍ਹਾਂ ਸ਼ਾਹਕੋਟ ਸ਼ਹਿਰ ਅਤੇ ਆਲੇ ਦੁਆਲੇ ਹੋਰ ਨਸ਼ਾ ਛੁਡਾਊ ਕੇਂਦਰਾਂ ਦੀ ਚੈਕਿੰਗ ਅਤੇ ਵੈਰੀਫਿਕੇਸ਼ਨ ਵੀ ਕੀਤੀ ਗਈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗੈਰ ਕਾਨੂੰਨੀ ਕੇਂਦਰਾਂ ਵਿੱਚ ਰੱਖੇ ਵਿਅਕਤੀਆਂ ਨੂੰ ਬੰਦੀ ਬਣਾਕੇ ਰੱਖਿਆ ਗਿਆ ਸੀ, ਕੁੱਟਮਾਰ ਕੀਤੀ ਜਾਂਦੀ ਸੀ ਅਤੇ ਕਈ ਲੋਕਾਂ ਨੂੰ 7 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜ਼ਬਰਦਸਤੀ ਕੈਦ ਕਰਕੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਥੋਂ ਵਿਅਕਤੀਆਂ ਨੂੰ ਛੁਡਵਾ ਕੇ, ਮਕਾਨ ਮਾਲਕ ਅਤੇ ਸੁਸਾਇਟੀ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਅਪਣਾਈ ਜਾ ਰਹੀ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਪੂਰੀ ਤਾਕਤ ਨਾਲ ਜ਼ਿਲ੍ਹੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਦ੍ਰਿੜ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪ੍ਰਸ਼ਾਸਨ ਵਲੋਂ ਜਿਥੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਨਸ਼ਿਆਂ ’ਤੇ ਨਿਰਭਰ ਲੋਕਾਂ ਦੇ ਮੁੜ ਵਸੇਬੇ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਨੂੰ ਬੰਦ ਕਰਨ ਲਈ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।

ਡਾ. ਅਗਰਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਮਸ਼ੇਰ ਅਤੇ ਸਮਰਾਏ ਵਿਖੇ ਚਲਾਏ ਜਾ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਸਖਤ ਕਾਰਵਾਈ ਕਰਦਿਆਂ ਕ੍ਰਮਵਾਰ 34 ਅਤੇ 103 ਵਿਅਕਤੀਆਂ ਨੂੰ ਛੁਡਾਇਆ ਗਿਆ ਸੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਅਤੇ ਜਾਣਕਾਰੀ ਲਈ ਜ਼ਿਲ੍ਹਾ ਨਸ਼ਾ ਛੁਡਾਊ ਹੈਲਪਲਾਈਨ ਨੰਬਰ 0181-2911969 ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਵਟਸਐਪ ਹੈਲਪਲਾਈਨ ਨੰਬਰ 9779-100-200 ’ਤੇ ਸਾਂਝੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ਸਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਹਿਚਾਣ ਗੁਪਤ ਰੱਖੀ ਜਾਵੇਗੀ।

ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸੰਗਠਨ ਗੈਰ ਕਾਨੂੰਨੀ ਤੌਰ ‘ਤੇ ਨਸ਼ਾ ਛਡਾਊ ਕੇਂਦਰ ਚਲਾ ਰਿਹਾ ਹੈ, ਤਾਂ ਉਸ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਕਰਦੇ ਹਨ, ਸਗੋਂ ਮਰੀਜ਼ਾਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਵੇਗਾ, ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਕਾਰਵਾਈ ਐਸ.ਪੀ. (ਤਫ਼ਤੀਸ਼) ਸਰਬਜੀਤ ਰਾਏ ਦੀ ਅਗਵਾਈ ਵਿੱਚ ਡੀ.ਐਸ.ਪੀ. ਸਬ ਡਵੀਜ਼ਨ ਸ਼ਾਹਕੋਟ ਉਂਕਾਰ ਸਿੰਘ ਬਰਾੜ, ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ, ਐਸ.ਐਮ.ਓ. ਚੰਦਰ ਦੀਪਕ , ਡਰੱਗ ਇੰਸਪੈਕਟਰ ਡਾ. ਲਜਵਿੰਦਰ ਕੁਮਾਰ,ਸਾਇਕੈਟਰਿਕ ਡਾ. ਅਭੈਰਾਜ ਸਿੰਘ, ਡਾ. ਰਾਜਦੀਪ ਕੌਰ, ਡਾ. ਤਰਨਜੀਤ ਆਦਿ ਆਧਾਰਤ ਟੀਮ ਵੱਲੋਂ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੰਨਾ-ਜੋੜੇਪੁਲ ਨਹਿਰ ਚੋਂ ਮਿਲੀ ਕਾਰ, ਚਾਰ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ: 10 ਮਈ ਤੋਂ ਸਨ ਲਾਪਤਾ

ਮਜੀਠਾ ਦੁਖਾਂਤ: ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫਤਾਰ