.. ਮੋਦੀ ਸਰਕਾਰ ਨੇ ਆਮ ਲੋਕਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰਿਆ : ਵਿਧਾਇਕ ਸਰਵਜੀਤ ਕੌਰ ਮਾਣੂੰਕੇ
.. ਕੋਰੋਨਾ ਕਾਰਨ ਪਈ ਆਰਥਿਕ ਮਾਰ ‘ਚੋਂ ਉਦਯੋਗਾਂ ਨੂੰ ਕੱਢਣ ਲਈ ਰਾਹਤ ਪੈਕਜ ਨਾ ਦੇਣਾ ਨਿੰਦਣਯੋਗ
ਲੁਧਿਆਣਾ, 2 ਫਰਵਰੀ 2021 – ਬੀਤੇ ਦਿਨੀਂ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਛੋਟੇ ਉਦਯੋਗਾਂ ਅਤੇ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ ਸਿਰਫ ਚਿੰਤਾ ਹੈ ਤਾਂ ਚੰਦ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਣ ਦੀ ਹੈ। ਆਮ ਆਦਮੀ ਪਾਰਟੀ ਦੇ ਜਗਰਾਉਂ ਤੋਂ ਵਿਧਾਇਕ ਤੇ ਵਿਧਾਨ ਸਭਾ ਵਿੱਚ ਉਪ ਵਿਰੋਧੀ ਧਿਰ ਆਗੂ ਸਰਵਜੀਤ ਕੌਰ ਮਾਣੂੰਕੇ, ਸੂਬਾ ਜਨਰਲ ਸਕੱਤਰ ਅਮਨਦੀਪ ਮੋਹੀ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਲੁਧਿਆਣਾ ਸੁਰੇਸ਼ ਗੋਇਲ ਨੇ ਜਾਰੀ ਬਿਆਨ ਵਿੱਚ ਕੇਂਦਰੀ ਬਜਟ ਨੂੰ ਆਮ ਲੋਕ ਵਿਰੋਧੀ ਕਰਾਰ ਦਿੱਤਾ।
‘ਆਪ’ ਆਗੂਆਂ ਨੇ ਕਿਹਾ ਸਥਾਨਕ ਇੰਡਸਟਰੀ ਨੂੰ ਕੇਂਦਰੀ ਬਜਟ ਤੋਂ ਬਹੁਤ ਉਮੀਦਾਂ ਸਨ ਕਿ ਕੋਰੋਨਾ ਕਰਕੇ ਪਈ ਆਰਥਿਕ ਮਾਰ ਵਿਚੋਂ ਨਿਕਲਣ ਲਈ ਕੁਝ ਰਾਹਤ ਮਿਲੇਗੀ, ਪ੍ਰੰਤੂ ਸਰਕਾਰ ਨੇ ਛੋਟੇ ਉਦਯੋਗਾਂ ਨੂੰ ਬਿਲਕੁਲ ਅੱਖੋ ਪਰੋਖੇ ਕਰ ਦਿੱਤਾ। ਸਥਾਨਕ ਸਟੀਲ ਇੰਡਸਟਰੀ ਦੁਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਹੈ ਜਿੱਥੇ ਸਭ ਤੋਂ ਜ਼ਿਆਦਾ ਸਾਈਕਲ ਦਾ ਉਤਪਾਦਨ ਹੁੰਦਾ ਹੈ, ਪਰ ਕੇਂਦਰ ਸਰਕਾਰ ਨੇ ਇਸ ਇੰਡਸਟਰੀ ਨੂੰ ਕੋਈ ਰਾਹਤ ਨਹੀਂ ਦਿੱਤੀ।
‘ਆਪ’ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਛੋਟੇ ਉਦਯੋਗਾਂ ਨੂੰ ਬਿਲਕੁਲ ਧਿਆਨ ਨਾ ਦੇਣ ਨਾਲ ਜਿੱਥੇ ਉਦਯੋਗਾਂ ਉੱਤੇ ਹੋਰ ਬੋਝ ਪਵੇਗਾ ਉਥੇ ਮੁਲਾਜ਼ਮਾਂ ਦੀਆਂ ਨੌਕਰੀਆਂ ਉੱਤੇ ਵੀ ਹਮੇਸ਼ਾ ਖਤਰਾ ਮਡਰਾਉਂਦਾ ਰਹੇਗਾ। ਕੇਂਦਰ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਦਯੋਗਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਦੀ ਤਾਂ ਜੋ ਕਿ ਕੋਰੋਨਾ ਦੇ ਕਾਰਨ ਪਈ ਆਰਥਿਕ ਮਾਰ ਵਿੱਚੋਂ ਨਿਕਲਣ ਲਈ ਮਦਦ ਹੁੰਦੀ।
ਆਗੂਆਂ ਨੇ ਕਿਹਾ ਕਿ ਇਹ ਬਜਟ ਸਿਰਫ ਮੋਦੀ ਦੇ ਮਿੱਤਰਾਂ ਨੂੰ ਲਾਭ ਪਹੁੰਚਾਉਣ ਵਾਲਾ ਬਜਟ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਮਹਿੰਗਾਈ ਦੇ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਵਧਾਉਣ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੇ ਵਿਕਾਸ ਦੇ ਲਈ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਉਤੇ ਸੈਸ ਲਗਾਇਆ ਜਾ ਰਿਹਾ ਹੈ, ਜਿਸ ਨਾਲ ਇੰਡਸਟਰੀ ਉੱਤੇ ਹੋਰ ਮਾਰ ਪਵੇਗੀ। ਕੱਚੇ ਮੈਟਰੀਅਲ ਤੋਂ ਲੈ ਕੇ ਤਿਆਰ ਸਾਮਾਨ ਨੂੰ ਪਹੁੰਚਾਣ ਮਹਿੰਗਾ ਪਵੇਗਾ।
ਉਨ੍ਹਾਂ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਸਭ ਤੋਂ ਜ਼ਿਆਦਾ ਡੀਜ਼ਲ ਦੀ ਖਪਤ ਕਿਸਾਨ ਕਰਦੇ ਹਨ ਅਤੇ ਉਨ੍ਹਾਂ ਦੇ ਵਿਕਾਸ ਲਈ ਉਨ੍ਹਾਂ ਉੱਤੇ ਹੀ ਸੈਸ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੀ ਕੁਝ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਬਜਟ ਵਿੱਚ ਪੰਜਾਬ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। ਪੰਜਾਬ ਲਈ ਕੋਈ ਵੀ ਰਾਹਤ ਪੈਕਜ ਨਹੀਂ ਐਲਾਨਿਆਂ ਇਸ ਤੋਂ ਸਾਫ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਪੱਖਪਾਤ ਕਰ ਰਹੀ ਹੈ।