- ਦੇਸ਼ ਦੇ ਪਹਿਲੇ ਬੋਧੀ ਚੀਫ਼ ਜਸਟਿਸ, ਕਾਰਜਕਾਲ 6 ਮਹੀਨੇ
ਨਵੀਂ ਦਿੱਲੀ, 14 ਮਈ 2025 – ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਅੱਜ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਗਵਈ ਨੂੰ ਸੀਜੇਆਈ ਵਜੋਂ ਅਹੁਦੇ ਦੀ ਸਹੁੰ ਚੁਕਾਈ। ਮੌਜੂਦਾ ਸੀਜੇਆਈ ਸੰਜੀਵ ਖੰਨਾ ਦਾ ਕਾਰਜਕਾਲ 13 ਮਈ ਨੂੰ ਖਤਮ ਹੋ ਗਿਆ ਸੀ।
ਜਸਟਿਸ ਗਵਈ ਦਾ ਨਾਮ ਸੀਜੀਆਈ ਖੰਨਾ ਤੋਂ ਬਾਅਦ ਸੀਨੀਆਰਤਾ ਸੂਚੀ ਵਿੱਚ ਸੀ। ਇਸੇ ਲਈ ਜਸਟਿਸ ਖੰਨਾ ਨੇ ਆਪਣਾ ਨਾਮ ਅੱਗੇ ਰੱਖਿਆ। ਹਾਲਾਂਕਿ, ਉਨ੍ਹਾਂ ਦਾ ਕਾਰਜਕਾਲ ਸਿਰਫ਼ 6 ਮਹੀਨਿਆਂ ਲਈ ਹੈ। ਸੀਜੇਆਈ ਗਵਈ ਦੇਸ਼ ਦੇ ਦੂਜੇ ਦਲਿਤ ਅਤੇ ਪਹਿਲੇ ਬੋਧੀ ਚੀਫ਼ ਜਸਟਿਸ ਹਨ।
ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਉਨ੍ਹਾਂ ਦੇ ਪ੍ਰੋਫਾਈਲ ਦੇ ਅਨੁਸਾਰ, ਜਸਟਿਸ ਗਵਈ ਨੂੰ 24 ਮਈ, 2019 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ। ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ 23 ਨਵੰਬਰ 2025 ਹੈ।

ਰਾਸ਼ਟਰਪਤੀ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਵੀ ਮੌਜੂਦ ਸਨ।
