ਚੰਡੀਗੜ੍ਹ, 17 ਮਈ 2025: ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ’ਤੇ ਹੋਰ ਸਖ਼ਤੀ ਕਰਦਿਆਂ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪਿਛਲੇ ਸਾਲ ਦਸੰਬਰ ’ਚ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪੁਲਸ ਸਟੇਸ਼ਨ ’ਤੇ ਹੋਏ ਗ੍ਰੇਨੇਡ ਹਮਲੇ ਦੇ ਸਬੰਧ ’ਚ ਪੰਜਾਬ ਦੀਆਂ 15 ਥਾਵਾਂ ‘ਤੇ ਛਾਪੇਮਾਰੀ ਕੀਤੀ।
ਜਾਣਕਾਰੀ ਅਨੁਸਾਰ ਪੰਜਾਬ ਦੇ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਤੇ ਕਪੂਰਥਲਾ ਜ਼ਿਲ੍ਹਿਆਂ ’ਚ ਲਈ ਗਈ ਤਲਾਸ਼ੀ ਦੌਰਾਨ ਮੋਬਾਈਲ/ਡਿਜੀਟਲ ਡਿਵਾਈਸਾਂ ਤੇ ਦਸਤਾਵੇਜ਼ਾਂ ਸਮੇਤ ਕਈ ਤਰ੍ਹਾਂ ਦੀਆਂ ਅਪਰਾਧਿਕ ਸਮੱਗਰੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ । ਪਾਕਿਸਤਾਨ ਆਧਾਰਿਤ ਬੀ. ਕੇ. ਆਈ. ਦਾ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਇਕ ਮੁੱਖ ਸਹਿਯੋਗੀ ਹੈਪੀ ਪਛੀਆ ਹਾਲ ਹੀ ’ਚ ਪੰਜਾਬ ਦੇ ਵੱਖ-ਵੱਖ ਪੁਲਸ ਥਾਣਿਆਂ ਤੇ ਪੁਲਸ ਚੌਕੀਆਂ ’ਤੇ ਕਈ ਗ੍ਰੇਨੇਡ ਹਮਲਿਆਂ ਦੀ ਯੋਜਨਾ ਬਣਾਉਣ ਲਈ ਜ਼ਿੰਮੇਵਾਰ ਪਾਇਆ ਗਿਆ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਘਣੀਏ ਕੇ ਬਾਂਗਰ ਪੁਲਸ ਸਟੇਸ਼ਨ ’ਤੇ ਹੋਏ ਹੈਂਡ ਗ੍ਰੇਨੇਡ ਹਮਲੇ ਨਾਲ ਸਬੰਧਤ ਮਾਮਲੇ ’ਚ ਐੱਨ. ਆਈ. ਏ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਦੇ ਮਾਮਲੇ ’ਚ ਮੁਲਜ਼ਮ ਸ਼ਮਸ਼ੇਰ ਤੇ ਹੋਰ ਸਾਥੀਆਂ ਨਾਲ ਹੈਪੀ ਪਛੀਆ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ।

ਐੱਨ. ਆਈ. ਏ. ਦੀ ਜਾਂਚ ਅਨੁਸਾਰ ਬੀ. ਕੇ. ਆਈ. ਦੇ ਵੱਖ-ਵੱਖ ਦੇਸ਼ਾਂ ’ਚ ਸਥਿਤ ਗੁਰਗੇ ਭਾਰਤ ’ਚ ਆਪਣੇ ਸਹਿਯੋਗੀਆਂ ਨੂੰ ਭਰਤੀ, ਸਿਖਲਾਈ, ਫੰਡ , ਹਥਿਆਰ ਤੇ ਵਿਸਫੋਟਕ ਪ੍ਰਦਾਨ ਕਰਨ ਲਈ ਇਕ ਅਪਰਾਧਿਕ ਸਾਜ਼ਿਸ਼ ’ਚ ਲੱਗੇ ਹੋਏ ਸਨ। ਇਹ ਗਤੀਵਿਧੀਆਂ ਉਨ੍ਹਾਂ ਦੇ ਸਾਥੀਆਂ ਤੇ ਜਾਣਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ, ਜੋ ਵਿਦੇਸ਼ਾਂ ’ਚ ਖ਼ਾਸ ਕਰ ਕੇ ਪਾਕਿਸਤਾਨ ’ਚ ਬੈਠੇ ਸਨ। ਵਿਦੇਸ਼ ’ਚ ਨਾਮਜ਼ਦ ਅੱਤਵਾਦੀਆਂ ਤੇ ਹੈਂਡਲਰਾਂ ਦੀ ਸਾਜ਼ਿਸ਼ ਦਾ ਉਦੇਸ਼ ਭਾਰਤੀ ਧਰਤੀ ’ਤੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣਾ ਸੀ।
