ਨਵੀਂ ਦਿੱਲੀ, 17 ਮਈ 2025: ਦੇਸ਼ ‘ਚ ਔਰਤਾਂ ਖ਼ਿਲਾਫ਼ ਅੱਤਿਆਚਾਰ ਦੇ ਮਾਮਲਿਆਂ ‘ਚੋਂ ਜਬਰ-ਜਨਾਹ ਨੂੰ ਸਭ ਤੋਂ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਸ ਮਾਮਲੇ ‘ਚ ਮੁਲਜ਼ਮਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਜਾਂਦੀ ਹੈ। ਪਰ ਨਵੀਂ ਦਿੱਲੀ ਤੋਂ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਸੁਪਰੀਮ ਕੋਰਟ ‘ਚ ਚੱਲਦੇ ਇਕ ਜਬਰ-ਜਨਾਹ ਦੇ ਮਾਮਲੇ ‘ਚ ਮੁਲਜ਼ਮ ਨੇ ਪੀੜਤਾ ਨੂੰ ਫੁੱਲ ਦੇ ਕੇ ਵਿਆਹ ਲਈ ਪ੍ਰਪੋਜ਼ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਹ ਮਾਮਲਾ ਸਾਲ 2021 ਦਾ ਹੈ, ਜਦੋਂ ਫੇਸਬੁੱਕ ‘ਤੇ ਦੋਸਤੀ ਮਗਰੋਂ ਨੌਜਵਾਨ ਨੇ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਉਸ ਨਾਲ ਜਬਰ-ਜਨਾਹ ਕੀਤਾ। ਇਸ ਮਗਰੋਂ ਉਹ ਕੁੜੀ ਨਾਲ ਵਿਆਹ ਕਰਵਾਉਣ ਤੋਂ ਮੁਕਰ ਗਿਆ।
ਇਸ ਤੋਂ ਬਾਅਦ ਪੀੜਤਾ ਨੇ ਮੁਲਜ਼ਮ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ, ਜਿਸ ਦੀ ਸੁਣਵਾਈ ਹੁਣ ਸੁਪਰੀਮ ਕੋਰਟ ‘ਚ ਚੱਲ ਰਹੀ ਸੀ। ਸੁਪਰੀਮ ਕੋਰਟ ਦੀ ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਮੁਲਜ਼ਮ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਮਗਰੋਂ ਉਸ ਨੇ ਅੰਤ ਪੀੜਤਾ ਨੂੰ ਅਦਾਲਤ ‘ਚ ਹੀ ਫੁੱਲ ਦੇ ਕੇ ਪ੍ਰਪੋਜ਼ ਕਰ ਦਿੱਤਾ।

ਇਹੀ ਨਹੀਂ, ਉਸ ਦਾ ਪ੍ਰਪੋਜ਼ ਪੀੜਤਾ ਨੇ ਵੀ ਨਮ ਅੱਖਾਂ ਨਾਲ ਸਵੀਕਾਰ ਕਰ ਲਿਆ। ਹੁਣ ਦੋਵੇਂ ਇਕੱਠਿਆਂ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ ਤੇ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਦੇ ਇਸ ਫ਼ੈਸਲੇ ਮਗਰੋਂ ਅਦਾਲਤ ਨੇ ਮੁਲਜ਼ਮ ਦੀ ਸਜ਼ਾ ‘ਤੇ ਵੀ ਰੋਕ ਲਾ ਦਿੱਤੀ ਹੈ।
