- ਢੱਡਰੀਆਂ ਵਾਲਿਆਂ ਦੇ ਪ੍ਰਚਾਰ ’ਤੇ ਲਗਾਈ ਰੋਕ ਹਟਾਈ
- 501 ਰੁਪਏ ਦੀ ਕੜਾਹ ਦੇਗ ਕਰਵਾਉਣ ਦਾ ਵੀ ਹੁਕਮ ਜਾਰੀ
ਅੰਮ੍ਰਿਤਸਰ, 21 ਮਈ 2025 – ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ‘ਚ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਦਿੱਲੀ ਦੇ ਸਿੱਖ ਆਗੂ ਹਰਵਿੰਦਰ ਸਿੰਘ ਸਰਨਾ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਵਲੋਂ ਪਿਛਲੇ ਸਮੇਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਦੇ ਮਾਮਲੇ ਵੀ ਵਿਚਾਰੇ ਗਏ।
ਇਸੇ ਦੌਰਾਨ ਸੰਤ ਢੱਡਰੀਆਂ ਵਾਲੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਸਨਮੁੱਖ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਇਸ ਦੌਰਾਨ ਸੰਤ ਢੱਡਰੀਆਂਵਾਲੇ ਨੇ ਆਪਣੀ ਪੁਰਾਣੀ ਬਿਆਨਬਾਜ਼ੀ ਲਈ ਮੁਆਫ਼ੀ ਮੰਗੀ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਦੀ ਖਿਮਾ ਯਾਚਨਾ ਪ੍ਰਵਾਨ ਕਰ ਲਈ ਗਈ ਹੈ। ਇਸ ਦੇ ਨਾਲ ਹੀ ਢੱਡਰੀਆਂਵਾਲੇ ’ਤੇ ਲੱਗੀ ਰੋਕ ਵੀ ਹਟਾ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਕੜਾਹ ਦੇਗ ਕਰਵਾਉਣ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਹਨਾਂ ਨੂੰ ਤਾਕੀਦ ਕੀਤੀ ਗਈ ਕਿ ਗੁਰੂ ਸਾਹਿਬ ਦੇ ਸਰੋਵਰ ਦੇ ਖਿਲਾਫ ਨਾ ਬੋਲਿਆ ਜਾਵੇ। ਸਾਖੀਆਂ ਸੁਣਾਈਆਂ ਜਾਣ ਅਤੇ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਟਿੱਪਣੀ ਨਾ ਕੀਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਚਾਰ ’ਤੇ ਲਗਾਈ ਰੋਕ ਹਟਾ ਦਿੱਤੀ ਗਈ। ਇਹ ਵੀ ਕਿਹਾ ਗਿਆ ਕਿ ਜੇਕਰ ਪ੍ਰਚਾਰ ਕਰਨ ਵਿਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਉਹ ਲਿਆ ਸਕਦੇ ਹਨ।

ਇਸ ਇਕੱਤਰਤਾ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਹਾਜ਼ਰ ਸਨ।
