ਨਵੀਂ ਦਿੱਲੀ, 24 ਮਈ 2025 – ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ 21 ਮਈ ਨੂੰ ਗੜੇਮਾਰੀ ਅਤੇ ਖਰਾਬ ਮੌਸਮ ਕਾਰਨ ਟਰਬੂਲੈਂਸ ਵਿੱਚ ਫਸ ਗਈ ਸੀ। ਇਸ ਦੌਰਾਨ, ਡੀਜੀਸੀਏ ਯਾਨੀ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਜਾਂਚ ਪੂਰੀ ਹੋਣ ਤੱਕ ਦੋਵਾਂ ਪਾਇਲਟਾਂ ਨੂੰ ਜਹਾਜ਼ ਉਡਾਣ ਤੋਂ ਰੋਕ ਦਿੱਤਾ ਹੈ। ਡੀਜੀਸੀਏ ਦੇ ਇੱਕ ਅਧਿਕਾਰੀ ਦੇ ਅਨੁਸਾਰ, ਦੋਵੇਂ ਪਾਇਲਟ ਜਾਂਚ ਪੂਰੀ ਹੋਣ ਤੱਕ ਜਹਾਜ਼ ਨਹੀਂ ਉਡਾ ਸਕਣਗੇ। ਇਸ ਦੌਰਾਨ, ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਦੋਵਾਂ ਪਾਇਲਟਾਂ ਦੀ ਪ੍ਰਸ਼ੰਸਾ ਕੀਤੀ ਹੈ।
ਹਵਾਬਾਜ਼ੀ ਮੰਤਰੀ ਨਾਇਡੂ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਮੇਰੇ ਕੋਲ ਜੋ ਜਾਣਕਾਰੀ ਹੈ, ਉਸ ਦੇ ਆਧਾਰ ‘ਤੇ, ਮੈਂ ਦੋਵਾਂ ਪਾਇਲਟਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਦੋਵਾਂ ਨੇ ਬਹੁਤ ਸਬਰ ਦਿਖਾਇਆ। ਅਸੀਂ ਦੋਵੇਂ ਪਾਇਲਟਾਂ ਦੇ ਧੰਨਵਾਦੀ ਹਾਂ ਕਿ ਕੋਈ ਘਟਨਾ ਨਹੀਂ ਵਾਪਰੀ ਅਤੇ ਸਾਰੇ ਸੁਰੱਖਿਅਤ ਹਨ। ਅਸੀਂ ਇਸ ਵੇਲੇ ਜਾਂਚ ਕਰ ਰਹੇ ਹਾਂ ਕਿ ਅਸਲ ਵਿੱਚ ਕੀ ਹੋਇਆ ?
21 ਮਈ ਨੂੰ ਕੀ ਹੋਇਆ ?
ਘਟਨਾ ਤੋਂ ਬਾਅਦ ਡੀਜੀਸੀਏ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 21 ਮਈ ਨੂੰ ਇੰਡੀਗੋ ਫਲਾਈਟ ਨੰਬਰ ਏ321 ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਸੀ। ਇਸ ਸਮੇਂ ਦੌਰਾਨ, ਪੰਜਾਬ ਦੇ ਪਠਾਨਕੋਟ ਵਿੱਚ ਅਚਾਨਕ ਮੌਸਮ ਵਿਗੜ ਗਿਆ ਅਤੇ ਗੜੇ ਪੈਣੇ ਸ਼ੁਰੂ ਹੋ ਗਏ। ਪਾਇਲਟ ਦੇ ਅਨੁਸਾਰ, ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਤੋਂ ਅੰਤਰਰਾਸ਼ਟਰੀ ਸਰਹੱਦ ਵੱਲ ਮੁੜਨ ਦੀ ਇਜਾਜ਼ਤ ਮੰਗੀ, ਜਿਸਨੂੰ ਹਵਾਈ ਸੈਨਾ ਨੇ ਇਨਕਾਰ ਕਰ ਦਿੱਤਾ। ਪਾਇਲਟ ਨੇ ਲਾਹੌਰ ਏਟੀਸੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਮੰਗੀ ਪਰ ਲਾਹੌਰ ਏਟੀਸੀ ਨੇ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਪਾਇਲਟ ਨੇ ਉਡਾਣ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਪਰ ਜਹਾਜ਼ ਤੇਜ਼ ਤੂਫਾਨ ਅਤੇ ਮੀਂਹ ਵਿੱਚ ਫਸ ਗਿਆ।

ਡੀਜੀਸੀਏ ਦੇ ਅਨੁਸਾਰ, ਇਸ ਸਮੇਂ ਦੌਰਾਨ ਉਡਾਣ ਦੀ ਗਤੀ ਵਧਾ ਦਿੱਤੀ ਗਈ ਸੀ। ਅੰਤ ਵਿੱਚ ਜਹਾਜ਼ ਨੇ ਸ਼੍ਰੀਨਗਰ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ। ਇਸ ਨਾਲ ਜਹਾਜ਼ ਦੇ ਅਗਲੇ ਹਿੱਸੇ (ਨੱਕ) ਨੂੰ ਨੁਕਸਾਨ ਪਹੁੰਚਿਆ। ਇਸ ਵੇਲੇ ਪੂਰੇ ਮਾਮਲੇ ਦੀ ਜਾਂਚ ਡੀਜੀਸੀਏ ਵੱਲੋਂ ਕੀਤੀ ਜਾ ਰਹੀ ਹੈ।
