ਜੈਪੁਰ, 24 ਮਈ 2025 – ਆਈਪੀਐਲ 2025 ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਪੰਜਾਬ ਕਿੰਗਜ਼ (ਪੀਬੀਕੇਐਸ) ਦਾ ਸਾਹਮਣਾ ਅੱਜ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਦਿੱਲੀ ਟਾਪ-4 ਦੀ ਦੌੜ ਤੋਂ ਬਾਹਰ ਹੋ ਗਈ ਹੈ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਸੀਜ਼ਨ ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਪੰਜਾਬ ਕਿੰਗਜ਼ ਦੇ ਇਸ ਸੀਜ਼ਨ ਵਿੱਚ ਹੁਣ ਤੱਕ 12 ਮੈਚਾਂ ਵਿੱਚ 17 ਅੰਕ ਹਨ। ਟੀਮ ਇਸ ਸਮੇਂ ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ ਅਤੇ ਆਪਣੇ ਅਗਲੇ ਦੋ ਮੈਚ ਜਿੱਤ ਕੇ ਕੁਆਲੀਫਾਇਰ-1 ਵਿੱਚ ਜਗ੍ਹਾ ਬਣਾਉਣਾ ਚਾਹੁੰਦੀ ਹੈ। ਜਦੋਂ ਕਿ ਦਿੱਲੀ ਦੇ 13 ਮੈਚਾਂ ਵਿੱਚ 13 ਅੰਕ ਹਨ।
ਪਹਿਲਾਂ ਇਹ ਮੈਚ 8 ਮਈ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਸੀ। ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ 10.1 ਓਵਰਾਂ ਵਿੱਚ 122/1 ਦੌੜਾਂ ਬਣਾ ਲਈਆਂ ਸਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਕਾਰਨ ਅਚਾਨਕ ਬਲੈਕਆਊਟ ਹੋ ਗਿਆ ਅਤੇ ਸੁਰੱਖਿਆ ਕਾਰਨਾਂ ਕਰਕੇ ਮੈਚ ਨੂੰ ਰੋਕ ਦਿੱਤਾ ਗਿਆ। ਫਿਰ ਬੀਸੀਸੀਆਈ ਨੇ ਇੱਕ ਨਵਾਂ ਸ਼ਡਿਊਲ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਮੈਚ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਖੇਡਿਆ ਜਾਵੇਗਾ।

ਆਈਪੀਐਲ ਵਿੱਚ ਹੁਣ ਤੱਕ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ 33 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਪੀਬੀਕੇਐਸ ਨੇ 17 ਅਤੇ ਡੀਸੀ ਨੇ 16 ਮੈਚ ਜਿੱਤੇ ਹਨ। ਦੋਵੇਂ ਟੀਮਾਂ ਪਹਿਲੀ ਵਾਰ ਜੈਪੁਰ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਉੱਥੇ ਹੀ ਆਈਪੀਐਲ ਵਿੱਚ ਲੀਗ ਪੜਾਅ ਦੇ ਸਿਰਫ਼ 5 ਮੈਚ ਬਾਕੀ ਹਨ। ਪਲੇਆਫ ਲਈ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ, ਪਰ ਅੰਕ ਸੂਚੀ ਵਿੱਚ ਸਿਖਰ ‘ਤੇ ਰਹਿਣ ਦੀ ਦੌੜ ਅਜੇ ਵੀ ਜਾਰੀ ਹੈ। ਸ਼ੁੱਕਰਵਾਰ ਨੂੰ, ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਹਰਾ ਦਿੱਤਾ, ਜਿਸ ਨਾਲ ਕੁਆਲੀਫਾਇਰ 1 ਵਿੱਚ ਖੇਡਣ ਦੇ ਉਨ੍ਹਾਂ ਦੇ ਮੌਕੇ ਘੱਟ ਗਏ ਹਨ। ਟੀਮ ਨੇ ਬੰਗਲੌਰ ਨੂੰ 42 ਦੌੜਾਂ ਨਾਲ ਹਰਾਇਆ। ਬੰਗਲੌਰ ਨੂੰ ਸਿਖਰਲੇ ਦੋ ਸਥਾਨਾਂ ਵਿੱਚ ਰਹਿਣ ਲਈ 27 ਮਈ ਨੂੰ ਲਖਨਊ ਵਿਰੁੱਧ ਆਪਣਾ ਆਖਰੀ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣ ਦੀ ਲੋੜ ਹੈ।
ਪਰ ਇਸ ਦੇ ਨਾਲ ਹੀ ਪੰਜਾਬ ਦੀ ਟੀਮ ਪਲੇਆਫ ਵਿੱਚ ਤਾਂ ਪਹੁੰਚ ਗਈ ਹੈ ਅਤੇ ਅੱਜ ਦਾ ਮੈਚ ਜਿੱਤ ਕੇ ਨੰਬਰ 1 ‘ਤੇ ਵੀ ਪਹੁੰਚ ਸਕਦੀ ਹੈ। ਜੇਕਰ PBKS ਅੱਜ ਹਾਰ ਜਾਂਦਾ ਹੈ, ਤਾਂ ਟੀਮ ਲਈ ਚੋਟੀ ਦੇ 2 ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ।
