ਜਲੰਧਰ, 24 ਮਈ 2025 – ਬੀਤੇ ਕੱਲ੍ਹ ਗ੍ਰਿਫਤਾਰ ਜਲੰਧਰ ਤੋਂ AAP ਵਿਧਾਇਕ ਰਮਨ ਅਰੋੜਾ ਨੂੰ ਅੱਜ ਵਿਜੀਲੈਂਸ ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਵਿਜੀਲੈਂਸ ਟੀਮ ਸ਼ੁੱਕਰਵਾਰ ਸਵੇਰੇ 8.45 ਵਜੇ ਅਸ਼ੋਕ ਨਗਰ ਸਥਿਤ ਅਰੋੜਾ ਦੇ ਘਰ ਛਾਪਾ ਮਾਰਨ ਪਹੁੰਚੀ ਸੀ। ਵਿਜੀਲੈਂਸ ਟੀਮ ਲਗਭਗ 6 ਘੰਟੇ ਤੱਕ ਰਮਨ ਅਰੋੜਾ ਦੇ ਘਰ ਦੀ ਤਲਾਸ਼ੀ ਲੈਂਦੀ ਰਹੀ। ਤਲਾਸ਼ੀ ਦੌਰਾਨ ਰਮਨ ਅਰੋੜਾ ਦੇ ਸਾਲੇ ਰਾਜੂ ਮਦਾਨ ਅਤੇ ਉਸਦੇ ਪੀਏ ਰੋਹਿਤ ਦੇ ਘਰ ਵੀ ਛਾਪਾ ਮਾਰਿਆ ਗਿਆ। ਰਾਜੂ ਮਦਾਨ ਘਰ ਨਹੀਂ ਮਿਲਿਆ, ਪਰ ਰੋਹਿਤ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ। ਅੱਜ ਉਸਨੂੰ ਵੀ ਅਰੋੜਾ ਦੇ ਨਾਲ ਪੇਸ਼ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਵਿਧਾਇਕ ਦਾ ਮਾਮਲਾ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਏਟੀਪੀ ਨਾਲ ਸਬੰਧਤ ਹੈ। ਸਰਕਾਰੀ ਬੁਲਾਰੇ ਅਨੁਸਾਰ, ਵਿਧਾਇਕ ‘ਤੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨੂੰ ਨੋਟਿਸ ਭੇਜਣ ਦਾ ਦੋਸ਼ ਹੈ। ਫਿਰ ਉਸਨੇ ਪੈਸੇ ਲਏ ਅਤੇ ਨੋਟਿਸ ਖਾਰਜ ਕਰਵਾ ਦਿੱਤੇ। ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ।

ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਇਹ ਹੈ ਕਿ, ਅਜੇ ਤੱਕ ਆਹ ਗੱਲ ਸਪੱਸ਼ਟ ਨਹੀਂ ਹੋਈ ਕਿ ਵਿਧਾਇਕ ਰਮਨ ਅਰੋੜਾ ਤੋਂ ਮੋਹਾਲੀ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਜਾਂ ਜਲੰਧਰ ਵਿੱਚ ਕੀਤੀ ਜਾਵੇਗੀ।
