ਚੰਡੀਗੜ੍ਹ, 25 ਮਈ 2025 – ਪੰਜਾਬ ਵਿਚ ਬੀਤੇ ਦਿਨ 24 ਮਈ ਨੂੰ ਮੌਸਮ ਨੇ ਦੁਪਹਿਰ ਬਾਅਦ ਅਚਾਨਕ ਆਪਣਾ ਮਿਜਾਜ਼ ਬਦਲ ਲਿਆ। ਜਲੰਧਰ, ਅੰਮ੍ਰਿਤਸਰ, ਬਠਿੰਡਾ, ਤਰਨਤਾਰਨ ਅਤੇ ਲੁਧਿਆਣਾ ਸਣੇ ਕਈ ਇਲਾਕਿਆਂ ਵਿਚ ਜਿੱਥੇ ਤੇਜ਼ ਹਨ੍ਹੇਰੀ-ਝੱਖੜ ਨੇ ਤਬਾਹੀ ਮਚਾਈ, ਉਥੇ ਹੀ ਜਲੰਧਰ ਦੇ ਕੰਪਨੀ ਬਾਗ ਦੇ ਬਾਹਰ ਲੱਗਾ ਲੋਹੇ ਦਾ ਪੋਲ ਹਨ੍ਹੇਰੀ ਕਾਰਨ ਹੇਠਾਂ ਡਿੱਗ ਹਿਆ। ਗਮੀਨਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਕ ਕਾਰ ਨੁਕਸਾਨੀ ਗਈ ਹੈ।
ਉਥੇ ਹੀ ਹਨ੍ਹੇਰੀ ਕਾਰਨ ਬਠਿੰਡਾ ਵਿਖੇ ਵੀ ਭਾਰੀ ਤਬਾਹੀ ਹੋਈ। ਅਚਾਨਕ ਚੱਲੀ ਤੇਜ਼ ਹਵਾ ਨਾਲ ਨਾ ਸਿਰਫ਼ ਬਿਜਲੀ ਦੀ ਲਾਈਨ ਠੱਪ ਹੋ ਗਈ, ਸਗੋਂ ਪੂਰੇ ਇਲਾਕੇ ਵਿੱਚ ਹਨੇਰਾ ਛਾ ਗਿਆ। ਦਰਜਨਾਂ ਦਰਖਤ ਜ਼ਮੀਨ ‘ਤੇ ਢਹਿ ਪਏ, ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਪ੍ਰਣਾਲੀ ਠੱਪ ਹੋ ਗਈ। ਚਸ਼ਮਦੀਦਾਂ ਦੇ ਅਨੁਸਾਰ ਹਨ੍ਹੇਰੀ ਇੰਨੀ ਤੇਜ਼ ਸੀ ਕਿ ਕਈ ਛੱਤਾਂ ਅਤੇ ਟੀਨ ਉੱਡ ਕੇ ਦੂਰ ਜਾ ਡਿੱਗੇ। ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ ਅਤੇ ਲੋਕ ਘਰਾਂ ‘ਚ ਕੈਦ ਹੋ ਕੇ ਰਹਿ ਗਏ। ਬਜ਼ੁਰਗਾਂ ਅਤੇ ਬੱਚਿਆਂ ਨੂੰ ਖ਼ਾਸ ਤਕਲੀਫ਼ ਦਾ ਸਾਹਮਣਾ ਕਰਨਾ ਪਿਆ।
ਹਸਪਤਾਲ, ਪਾਣੀ ਸਪਲਾਈ ਅਤੇ ਹੋਰ ਲੋੜੀਂਦੀਆਂ ਸੇਵਾਵਾਂ ‘ਤੇ ਵੀ ਹਨੇਰੀ ਦੇ ਗੰਭੀਰ ਅਸਰ ਪਏ ਹਨ। ਇਲਾਕੇ ਦੇ ਨਿਗਮ ਅਤੇ ਬਿਜਲੀ ਵਿਭਾਗ ਵੱਲੋਂ ਬਿਜਲੀ ਬਹਾਲੀ ਅਤੇ ਸਫ਼ਾਈ ਦੇ ਕੰਮ ਜਾਰੀ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਪਰ ਵੱਡੇ ਪੱਧਰ ‘ਤੇ ਨੁਕਸਾਨ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

ਸ਼ਨੀਵਾਰ ਦੇਰ ਸ਼ਾਮ ਅਚਾਨਕ ਆਏ ਤੇਜ਼ ਹਨ੍ਹੇਰੀ-ਤੂਫਾਨ ਨੇ ਲੁਧਿਆਣਾ ‘ਚ ਵੀ ਤਬਾਹੀ ਮਚਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ‘ਚ ਤੇਜ਼ ਤੂਫਾਨ ਚੱਲਣ ਨਾਲ ਪੂਰੇ ਇਲਾਕੇ ਦੀ ਬਿਜਲੀ ਗੁਲ ਹੋ ਗਈ ਹੈ ਅਤੇ ਪੂਰਾ ਸ਼ਹਿਰ ਹਨ੍ਹੇਰੇ ‘ਚ ਡੁੱਬ ਗਿਆ ਹੈ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਬਿਜਲੀ ਮੁਰੰਮਤ ਦਾ ਕੰਮ ਜਾਰੀ ਹੈ ਪਰ ਤੂਫਾਨ ਨੇ ਪੂਰੇ ਸ਼ਹਿਰ ‘ਚ ਤਬਾਹੀ ਮਚਾ ਦਿੱਤੀ ਹੈ। ਦੋਰਾਹਾ ਅਤੇ ਪਾਇਲ ‘ਚ ਵੀ ਤੂਫਾਨ ਨੇ ਤਬਾਹੀ ਮਚਾਈ ਹੈ।
ਤਰਨਤਾਰਨ ‘ਚ ਸ਼ਨੀਵਾਰ ਦੇਰ ਸ਼ਾਮ ਚੱਲੀ ਤੇਜ਼ ਹਨੇਰੀ ਤੂਫਾਨ ਅਤੇ ਮੀਂਹ ਨੇ ਚਾਰੇ ਪਾਸੇ ਤਬਾਹੀ ਮਚਾਈ ਹੈ। ਇਸ ਦੌਰਾਨ ਜਿੱਥੇ ਇਕ ਚਾਹ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੀ ਕੰਧ ਡਿੱਗਣ ਕਰਕੇ ਮਲਬੇ ਹੇਠਾਂ ਆਉਣ ਦੌਰਾਨ ਮੌਤ ਹੋ ਗਈ, ਉਥੇ ਹੀ ਵੱਖ-ਵੱਖ ਗਰੀਬ ਘਰਾਂ ਦੇ ਕੱਚੇ ਕੋਠੇ ਅਤੇ ਹੋਰ ਕੰਧਾਂ ਤੋਂ ਲੈ ਕਈ ਸ਼ੈਡ ਟੁੱਟਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਤੂਫਾਨ ਕਰਕੇ ਸੜਕਾਂ ਉਪਰ ਰੁੱਖਾਂ ਦੇ ਥਾਂ-ਥਾਂ ਡਿੱਗਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ, ਜਿਸ ਕਰਕੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
