- ਪਰਿਵਾਰਕ ਜੀਆਂ ਕਤਲ ਦਾ ਖਦਸ਼ਾ ਪ੍ਰਗਟਾਇਆ, ਕੀਤੀ ਜਾਂਚ ਦੀ ਮੰਗ
ਗੁਰਦਾਸਪੁਰ, 27 ਮਈ 2025 – ਪੁਲਿਸ ਜ਼ਿਲਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਇਲਾਕੇ ਚੋਂ ਗੁਜ਼ਰਦੀ ਅਪਰਬਾਰੀ ਦੁਆਬ ਨਹਿਰ ਦੀ ਪਟੜੀ ਕਿਨਾਰੇ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ ਬਰਾਮਦ ਕੀਤੀ ਹੈ। ਉਕਤ ਨੌਜਵਾਨ ਦੀ ਪਹਿਚਾਣ ਸਤਬੀਰ ਸਿੰਘ 35 ਪੁੱਤਰ ਗੁਰਨਿੰਦਰ ਸਿੰਘ ਵਾਸੀ ਪਿੰਡ ਕੋਟਲੀ ਸੂਰਤ ਮੱਲ੍ਹੀ ਵਜੋਂ ਹੋਈ ਹੈ ਜੋ ਜੇਸੀਬੀ ਆਪਰੇਟਰ ਸੀ ।
ਮ੍ਰਿਤਕ ਨੌਜਵਾਨ ਦੇ ਪਿਤਾ ਗੁਰਨਿੰੰਦਰ ਸਿੰਘ ਨੇ ਦੱਸਿਆ ਮੇਰਾ ਪੁੱਤਰ ਸਤਬੀਰ ਸਿੰਘ ਜੇਸੀਬੀ (ਪੋਕਲੇਨ) ਮਸ਼ੀਨ ਆਪਰੇਟਰ ਹੈ ਅਤੇ ਰੋਜਾਨਾ ਦੀ ਤਰ੍ਹਾਂ ਓਹ ਐਤਵਾਰ ਨੂੰ ਪਿੰਡ ਵਿਰਕ ਜੇਸੀਬੀ ਮਸ਼ੀਨ ਚਲਾਉਣ ਲਈ ਆਇਆ ਹੋਇਆ ਸੀ ਕਿ ਪਰੰਤੂ ਰਾਤ ਨੂੰ ਉਹ ਆਪਣੇ ਘਰ ਨਹੀਂ ਪੁੱਜਾ। ਉਸ ਨੇ ਦੱਸਿਆ ਕਿ ਪੁੱਤਰ ਦੇ ਘਰ ਨਾ ਆਉਣ ਤੇ ਉਸ ਦੀ ਭਾਲ ਕਰਦੇ ਰਹੇ ਅਤੇ ਅੱਜ ਜਦੋਂ ਫਿਰ ਪਿੰਡ ਵਿਰਕ ਆਏ ਤਾਂ ਉੱਥੋਂ ਪਤਾ ਲੱਗਿਆ ਕਿ ਸਤਬੀਰ ਸਿੰਘ ਰਾਤ ਨੂੰ ਇਥੋਂ ਗਿਆ ਸੀ। ਉਹਨਾਂ ਦੱਸਿਆ ਕਿ ਅੱਜ ਸਤਬੀਰ ਸਿੰਘ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਬੀਰ ਸਿੰਘ ਮਿਰਤਕ ਹਾਲਤ ਵਿੱਚ ਪਿੰਡ ਬਾਗੋਵਾਣੀ ਦੇ ਨੇੜਿਓ ਲੰਘਦੀ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਪਿਆ ਹੈ।
ਉਹਨਾਂ ਸ਼ੱਕ ਜਤਾਇਆ ਹੈ ਕਿ ਸਤਬੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਤਬੀਰ ਉਹਨਾਂ ਦਾ ਇਕਲੋਤਾ ਪੁੱਤ ਸੀ ਕਿਉਂਕਿ ਵੱਡੇ ਪੁੱਤ ਦੀ ਪਹਿਲਾਂ ਹੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਚੁੱਕੀ ਹੈ। ਉਸਦੇ ਦੋ ਛੋਟੇ ਛੋਟੇ ਬੱਚੇ ਵੀ ਹਨ ਅਤੇ ਪੂਰੇ ਘਰ ਦਾ ਗੁਜ਼ਾਰਾ ਹੀ ਉਸ ਦੇ ਸਿਰ ਤੇ ਚਲਦਾ ਸੀ। ਉਨਾਂ ਪੁਲਿਸ ਪ੍ਰਸ਼ਾਸਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਇਸ ਸਬੰਧੀ ਪੁਲਿਸ ਥਾਣਾ ਘੁੰਮਣ ਕਲਾਂ ਦੇ ਐਸਐਚ ਓ ਜਗਦੀਸ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਹਿਰ ਦੀ ਪਟੜੀ ਨੇੜਿਓਂ ਭੇਦਭਰੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਥਾਣਾ ਘੁੰਮਣ ਕਲਾਂ ਵੱਲੋਂ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
