ਬਠਿੰਡਾ, 27 ਮਈ 2025 – ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਬਰਖ਼ਾਸਤ Thar ਵਾਲੀ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਵਿਜੀਲੈਂਸ ਨੂੰ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ।
ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀ.ਐਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਮਨਦੀਪ ਕੌਰ ਤੋਂ ਪੁੱਛਗਿੱਛ ਲਈ ਅਦਾਲਤ ਤੋਂ ਉਸ ਦੇ ਪੰਜ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਥਾਰ ਵਿਚ ਚਿੱਟੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਵਿੱਚ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਉਸਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਪੁਲਿਸ ਸਟੇਸ਼ਨ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਦੇ ਤਹਿਤ ਦਰਜ ਹੈ।

