… ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਗੁਰੂ ਹਰਸਹਾਏ ਵਿੱਚ, ਸਰਬਜੀਤ ਕੌਰ ਮਾਣੂਕੇ ਨਕੋਦਰ ਵਿੱਚ, ਬਲਦੇਵ ਸਿੰਘ ਜੈਤੋ ਅਤੇ ਬਲਜਿੰਦਰ ਕੌਰ ਭਿੱਖੀਵਿੰਡ ਵਿੱਚ, ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਜ਼ੀਰਾ ਅਤੇ ਫ਼ਿਰੋਜ਼ਪੁਰ ਵਿੱਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਕੋਟ ਇਸੇ ਖਾਂ ਵਿੱਚ ਉਮੀਦਵਾਰਾਂ ਦੇ ਨਾਲ ਨਾਮਜ਼ਦਗੀ ਕਰਵਾਉਣ ਪਹੁੰਚੇ
… ਆਮ ਆਦਮੀ ਪਾਰਟੀ ਆਪਣੇ ਹਰ ਇੱਕ ਵਲੰਟੀਅਰ ਨਾਲ ਡਟ ਕੇ ਖੜੀ ਹੈ – ਭਗਵੰਤ ਮਾਨ
… ਚੋਣ ਵਿੱਚ ਲੋਕ ਕਾਂਗਰਸ ਅਤੇ ਅਕਾਲੀਆਂ ਦੀ ਗੁੰਡਾਗਰਦੀ ਦਾ ਦੇਣਗੇ ਕਰਾਰਾ ਜਵਾਬ
ਚੰਡੀਗੜ੍ਹ, 4 ਫਰਵਰੀ 2021 – ਸੱਤਾਧਾਰੀ ਕਾਂਗਰਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਗਰ ਨਿਗਮ ਦੀਆਂ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਰੋਕਣ ਦੇ ਦੋਸ਼ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਕਾਂਗਰਸ ‘ਤੇ ਸੁਨਾਮ ਵਿੱਚ ‘ਆਪ’ ਉਮੀਦਵਾਰ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਜ਼ੀਰਾ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅਖੀਰਲੇ ਦਿਨ ‘ਆਪ’ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਫਾੜਨ ਅਤੇ ਧਮਕਾਉਣ ਦਾ ਵੀ ਦੋਸ਼ ਲਗਾਇਆ ਹੈ।
ਨਾਮਜ਼ਦਗੀ ਦੇ ਅਖੀਰਲੇ ਦਿਨ ਸੁਨਾਮ ਵਿੱਚ ‘ਆਪ’ ਦੇ ਇੱਕ ਉਮੀਦਵਾਰ ਨੂੰ ਅਗਵਾ ਕਰਨ ਦਾ ਕਾਂਗਰਸ ‘ਤੇ ਦੋਸ਼ ਲਗਾਉਂਦੇ ਹੋਏ ਪਾਰਟੀ ਉੱਘੇ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਅਤੇ ਆਗੂਆਂ ਵੱਲੋਂ ਕੀਤੀ ਜਾ ਰਹੀ ਬਦਮਾਸ਼ੀ ਅਤੇ ਗੁੰਡਾਗਰਦੀ ਲੋਕਤੰਤਰ ਦੀ ਹੱਤਿਆ ਦਾ ਹੀ ਉਦਾਹਰਨ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਅਤੇ ਸਰਕਾਰੀ ਸੰਸਾਧਨਾਂ ਦਾ ਗਲਤ ਇਸਤੇਮਾਲ ਕਰਨਾ ਨਿੰਦਣਯੋਗ ਹੈ। ਪੰਜਾਬ ਦੇ ਲੋਕ ਚੋਣਾਂ ਵਿੱਚ ਕਾਂਗਰਸ ਦੀ ਗੁੰਡਾਗਰਦੀ ਦਾ ਠੋਕ ਕੇ ਜਵਾਬੀ ਦੇਣਗੇ। ਸਾਡੇ ਉਮੀਦਵਾਰਾਂ ਨੂੰ ਜ਼ੀਰਾ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ। ਕਾਂਗਰਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਡਰਾਇਆ ਅਤੇ ਉੱਥੇ ਹੰਗਾਮਾ ਕੀਤਾ ਨਾਲ ਹੀ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਨੂੰ ਫਾੜ ਦਿੱਤਾ। ਇਸ ਘਟਨਾ ਤੋਂ ਬਾਅਦ ‘ਆਪ’ ਦੇ ਫ਼ਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਕੌਰ ਸਹਿਤ ਕਈ ‘ਆਪ’ ਸਮਰਥਕ ਮੌਕੇ ‘ਤੇ ਪਹੁੰਚੇ ਅਤੇ ਸਬੰਧਿਤ ਅਧਿਕਾਰੀਆਂ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ।
‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਗੁਰੂ ਹਰਸਹਾਏ ਅਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਨਕੋਦਰ ਤੋਂ ਪਾਰਟੀ ਉਮੀਦਵਾਰਾਂ ਨਾਲ ਜਾ ਕੇ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ। ਇਸੇ ਤਰਾਂ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਭਿੱਖੀਵਿੰਡ ਵਿੱਚ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਜ਼ੀਰਾ, ਫ਼ਿਰੋਜ਼ਪੁਰ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਕੋਟ ਇਸੇ ਖਾਂ ਵਿਖੇ ਪਾਰਟੀ ਉਮੀਦਵਾਰਾਂ ਨਾਲ ਜਾ ਕੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਦੌਰਾਨ ਸਮੂਹ ਵਿਧਾਇਕਾਂ ਨੇ ਕਾਂਗਰਸੀ ਆਗੂਆਂ ਅਤੇ ਕਰਮਚਾਰੀਆਂ ਵੱਲੋਂ ਉਮੀਦਵਾਰਾਂ ਨੂੰ ਡਰਾਉਣ ਅਤੇ ਧਮਕਾਉਣ ਦੇ ਅਪਣਾਏ ਜਾ ਰਹੇ ਹੱਥਕੰਡੇ ਨੂੰ ਲੋਕਤੰਤਰਿਕ ਮੁੱਲਾਂ ਦੀ ਉਲੰਘਣਾ ਕਰਾਰ ਦਿੱਤਾ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪਾਰਟੀ ਦੇ ਸਮੂਹ ਆਗੂ ਹਮੇਸ਼ਾ ਆਪਣੇ ਹਰ ਇੱਕ ਵਲੰਟੀਅਰ ਦੇ ਨਾਲ ਖੜੇ ਰਹਿਣਗੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦੇ ਆਗੂ ‘ਆਪ’ ਉਮੀਦਵਾਰਾਂ ਨੂੰ ਡਰਾ-ਧਮਕਾ ਕੇ ਚੋਣ ਪ੍ਰਕਿਰਿਆ ਵਿੱਚ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਨ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਦੌਰਾਨ ਜੋ ਕਾਂਗਰਸੀ ਲੋਕਤੰਤਰਿਕ ਮੁੱਲਾਂ ਦੀ ਗੱਲ ਕਰ ਰਹੇ ਸਨ, ਉਹ ਹੁਣ ਖ਼ੁਦ ਉਸੇ ਨਕਸ਼ੇ ਕਦਮ ‘ਤੇ ਚੱਲ ਰਹੇ ਹਨ।
ਮਾਨ ਨੇ ਕਿਹਾ, ਪੰਜਾਬ ਦੇ ਲੋਕ ਹੁਣ ਗੁਮਰਾਹ ਹਨ ਕਿ ਇਹ ਕਾਂਗਰਸ ਦੇ ਗੁੰਡੇ ਹਨ ਜਾਂ ਅਕਾਲੀਆਂ ਦੇ ਜੋ ਹੰਗਾਮਾ ਅਤੇ ਗੁੰਡਾਗਰਦੀ ਕਰ ਰਹੇ ਹਨ, ਕਿਉਂਕਿ ਇਹ ਉਸੀ ਤਰਾਂ ਦਾ ਸੰਕੇਤ ਦਿੰਦਾ ਹੈ ਜੋ ਪਹਿਲਾਂ ਚੋਣ ਦੇ ਦੌਰਾਨ ਹੋਇਆ ਕਰਦਾ ਸੀ। ਕੈਪਟਨ ਸਰਕਾਰ ਦੀ ਆਲੋਚਨਾ ਕਰਦੇ ਹੋਏ ਮਾਨ ਨੇ ਕਿਹਾ ਕਿ ਕਾਂਗਰਸ ਨੇ 2017 ਦੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਝੂਠੇ ਵਾਅਦੇ ਕੀਤੇ ਸਨ ਅਤੇ ਹੁਣ ਜਦੋਂ ਉਹ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਤਾਂ ਕਾਂਗਰਸ ਨੂੰ ਹਾਰ ਦਾ ਡਰ ਸਤਾ ਰਿਹਾ ਹੈ। ਇਸ ਡਰ ਦੇ ਕਾਰਨ ਕਾਂਗਰਸੀ ਇਸ ਚੋਣ ਨੂੰ ਜਿੱਤਣ ਲਈ ਗੁੰਡਾਗਰਦੀ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਜਿਹਾ ਮਾਹੌਲ ਬਣਾ ਕੇ ਲੋਕਾਂ ਵਿੱਚ ਖ਼ੌਫ਼ ਪੈਦਾ ਕਰ ਰਹੀ ਹੈ, ਤਾਂ ਕਿ ਲੋਕ 14 ਫਰਵਰੀ ਨੂੰ ਵੋਟ ਪਾਉਣ ਲਈ ਆਪਣੇ ਘਰਾਂ ਤੋਂ ਹੀ ਬਾਹਰ ਨਾ ਆਉਣ।
ਮਾਨ ਨੇ ਅੱਗੇ ਕਿਹਾ, ਪੰਜਾਬ ਦੇ ਲੋਕਾਂ ਨੂੰ ਇਸ ਤਰਾਂ ਦੀ ਘਟੀਆ ਰਾਜਨੀਤੀ ਤੋਂ ਡਰਾਇਆ ਨਹੀਂ ਜਾ ਸਕਦਾ। ਪੰਜਾਬ ਦੀ ਜਨਤਾ ਸਮਝਦਾਰ ਹੈ, ਉਹ ਲੋਕਤੰਤਰ ਦੀ ਹੱਤਿਆ ਅਤੇ ਚੋਣ ਵਿੱਚ ਗੁੰਡਾਗਰਦੀ ਕਰਨ ਲਈ ਕਾਂਗਰਸ ਅਤੇ ਅਕਾਲੀਆਂ ਨੂੰ ਕਰਾਰਾ ਜਵਾਬ ਦੇਣਗੇ। ਮਾਨ ਨੇ ਕਿਹਾ ਕਿ ਪਹਿਲਾਂ ਸੂਬੇ ਦੀ ਪੁਲਿਸ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਸੀ ਅਤੇ ਹੁਣ ਇਹ ਕਾਂਗਰਸੀ ਆਗੂਆਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਪੂਰੀ ਤਰਾਂ ਨਾਲ ਖ਼ਤਮ ਹੋ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਆਪਣੇ ਫਾਰਮ ਹਾਊਸ ਵਿੱਚ ਬੈਠ ਕੇ ਲੋਕਤੰਤਰ ਦੀ ਹੱਤਿਆ ਨੂੰ ਵੇਖ ਰਹੇ ਹਨ। ਕਾਂਗਰਸੀਆਂ ਅਤੇ ਅਕਾਲੀਆਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਗਏ ਸੰਵਿਧਾਨ ਦੀ ਉਲੰਘਣਾ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ, ਜਿਸ ਲਈ ਸੂਬੇ ਦੀ ਜਨਤਾ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗੀ।