ਲੁਧਿਆਣਾ, 23 ਜੂਨ 2025 – ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੇ ਅੱਜ (23 ਜੂਨ) ਐਲਾਨੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਚ ਸ਼ੁਰੂ ਹੋ ਗਈ ਹੈ। ਪਹਿਲਾ ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿਚ ਕੀਤੀ ਜਾਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿਚ 51.33% ਵੋਟਰਾਂ ਨੇ ਵੋਟ ਪਾਈ। ਸਭ ਤੋਂ ਪਹਿਲਾਂ ਪੋਸਟ-ਬੈਲਟ ਵੋਟਾਂ ਦੀ ਗਿਣਤੀ ਹੋਵੇਗੀ ਫੇਰ ਉਸ ਤੋਂ ਬਾਅਦ EVM ‘ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਸੂਬੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ (ਆਪ) ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਕਾਂਗਰਸ ਨੇ ਇਸ ਸੀਟ ਤੋਂ ਦੋ ਵਾਰ ਦੇ ਜੇਤੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦੂਜੇ ਪਾਸੇ, ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਨੇ ਚੋਣ ਲੜੀ ਹੈ ਅਤੇ ਜੀਵਨ ਗੁਪਤਾ ਨੇ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਹੈ।
‘ਆਪ’ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇੱਥੇ ਉਪ ਚੋਣ ਹੋਈ।

