ਚੰਡੀਗੜ੍ਹ, 24 ਜੂਨ 2025 – ਹਲਕਾ ਵੈਸਟ ’ਚ ਹੋਈ ਉਪ-ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਕੌਮੀ ਪੱਧਰ ’ਤੇ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਦੀ ਜਗ੍ਹਾ ਰਾਜ ਸਭਾ ’ਚ ਕਿਸ ਦੀ ਐਂਟਰੀ ਹੋਣ ਵਾਲੀ ਹੈ ਕਿਉਂਕਿ ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਸੰਜੀਵ ਅਰੋੜਾ ਦੀ ਜਗ੍ਹਾ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਣ ਲਈ ਉਨ੍ਹਾਂ ਨੂੰ ਹਲਕਾ ਵੈਸਟ ਦੀ ਉਪ-ਚੋਣ ਵਿਚ ਉਮੀਦਵਾਰ ਬਣਾਇਆ ਗਿਆ ਹੈ।
ਇਸ ਨੂੰ ਉਪ-ਚੋਣ ਦੌਰਾਨ ਕਾਂਗਰਸ ਤੇ ਅਕਾਲੀ-ਭਾਜਪਾ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਮੁੱਦਾ ਬਣਾਇਆ ਗਿਆ। ਹੁਣ ਸੰਜੀਵ ਅਰੋੜਾ ਜਿੱਤ ਗਏ ਹਨ ਤਾਂ ਉਨ੍ਹਾਂ ਨੂੰ ਯਕੀਨੀ ਤੌਰ ’ਤੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਪਵੇਗਾ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੰਜੀਵ ਅਰੋੜਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਣ ਵਾਲੀ ਸੀਟ ਤੋਂ ਉਹ ਰਾਜ ਸਭਾ ’ਚ ਨਹੀਂ ਜਾ ਰਹੇ।
ਕੇਜਰੀਵਾਲ ਮੁਤਾਬਕ ਸੰਜੀਵ ਅਰੋੜਾ ਦੀ ਜਗ੍ਹਾ ਕਿਸ ਨੂੰ ਰਾਜ ਸਭਾ ਵਿਚ ਭੇਜਿਆ ਜਾਵੇਗਾ, ਇਸ ਸਬੰਧੀ ਫੈਸਲਾ ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਵੱਲੋਂ ਲਿਆ ਜਾਵੇਗਾ। ਹਾਲਾਂਕਿ ਇਸ ਮਾਮਲੇ ’ਚ ਕੇਜਰੀਵਾਲ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੇ ਚੋਣ ਪ੍ਰਚਾਰ ਦੌਰਾਨ ਚੁੱਪ ਵੱਟੀ ਰੱਖੀ। ਹੁਣ ਕੇਜਰੀਵਾਲ ਵੱਲੋਂ ਬੈਕਫੁੱਟ ’ਤੇ ਆਉਣ ਦੇ ਬਾਅਦ ਤੋਂ ਸਿਆਸੀ ਗਲਿਆਰਿਆਂ ਵਿਚ ਹਲਚਲ ਮਚ ਗਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ’ਚ ਭੇਜਣ ਲਈ ਅੰਦਰਖਾਤੇ ਕਿਸ ਦਾ ਨਾਂ ਫਾਈਨਲ ਕੀਤਾ ਗਿਆ ਹੈ।

ਸੰਜੀਵ ਅਰੋੜਾ ਵੱਲੋਂ ਖਾਲੀ ਕੀਤੀ ਜਾਣ ਵਾਲੀ ਰਾਜ ਸਭਾ ਦੀ ਸੀਟ ’ਤੇ ਕੇਜਰੀਵਾਲ ਵੱਲੋਂ ਦਾਅਵਾ ਛੱਡਣ ਤੋਂ ਬਾਅਦ ਇਕ ਵਾਰ ਮੁੜ ਲੁਧਿਆਣਾ ਦੇ 2 ਵੱਡੇ ਉੱਦਮੀਆਂ ਦੇ ਨਾਵਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਸੰਜੀਵ ਅਰੋੜਾ ਨੂੰ ਪਹਿਲਾਂ ਉੱਦਮੀ ਕੈਟਾਗਰੀ ’ਚ ਹੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ’ਚ ਭੇਜਿਆ ਗਿਆ ਸੀ। ਹੁਣ ਜਿਨ੍ਹਾਂ 2 ਵੱਡੇ ਉੱਦਮੀਆਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ, ਉਹ ਲੁਧਿਆਣਾ ਦੇ ਹੀ ਹਨ ਅਤੇ ਅਰੋੜਾ ਦੇ ਕਾਫੀ ਨਜ਼ਦੀਕੀ ਹੋਣ ਦੇ ਨਾਲ ਹੀ ਪਹਿਲਾਂ ਸਰਕਾਰੀ ਅਹੁਦਿਆਂ ’ਤੇ ਰਹਿ ਚੁੱਕੇ ਹਨ।
