ਮੋਹਾਲੀ, 1 ਜੁਲਾਈ 2025 – ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਵਲੋਂ ਪਾਕਿਸਤਾਨ ਆਧਾਰਿਤ ਗੈਂਗਸਟਰ ਅਤੇ ਨਾਮਜ਼ਦ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਅੱਤਵਾਦ ਪੱਖੀ ਪ੍ਰਚਾਰ ਅਤੇ ਸਹਿਯੋਗ ‘ਚ ਸਰਗਰਮ ਸ਼ਮੂਲੀਅਤ ਕਰਨ ਲਈ 2 ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਵੀਰ ਸਿੰਘ ਉਰਫ਼ ਮਨੀ ਮੂਸੇਵਾਲਾ ਵਾਸੀ ਪਿੰਡ ਘੰਗਸ, ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਅਤੇ ਸੁਖਬੀਰ ਸਿੰਘ ਵਾਸੀ ਪਿੰਡ ਬੁਢਲਾਡਾ, ਮਾਨਸਾ ਵਜੋਂ ਹੋਈ ਹੈ।
ਗ੍ਰਿਫ਼ਤਾਰ ਕੀਤੇ ਗਏ ਸੁਖਬੀਰ ਸਿੰਘ ਦਾ ਅਪਰਾਧਿਕ ਪਿਛੋਕੜ ਹੈ ਅਤੇ ਸਾਲ 2020 ‘ਚ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਹ ਕਰੀਬ 2 ਸਾਲ ਬਠਿੰਡਾ ਅਤੇ ਮਾਨਸਾ ਜੇਲ੍ਹ ‘ਚ ਰਿਹਾ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੁਖਬੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਸਰਗਰਮ ਕਰ ਲਿਆ ਅਤੇ ਇੰਸਟਾਗ੍ਰਾਮ ‘ਤੇ ਮਸ਼ਹੂਰ ਹੋ ਗਿਆ, ਜਦੋਂ ਕਿ ਮਨਵੀਰ ਸਿੰਘ ਜਿਸਨੇ ਸ਼ੁਰੂ ‘ਚ ਇੱਕ ਬਾਈਕ ਮਕੈਨਿਕ ਅਤੇ ਬਾਅਦ ‘ਚ ਇੱਕ ਫੋਟੋਗ੍ਰਾਫਰ ਵਜੋਂ ਕੰਮ ਕੀਤਾ, ਉਹ ਵੀ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਬਣ ਗਿਆ।
ਉਸ ਨੇ ਮਹੱਤਵਪੂਰਨ ਆਨਲਾਈਨ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਆਪਣੀ ਸੋਸ਼ਲ ਮੀਡੀਆ ਗਤੀਵਿਧੀ ਰਾਹੀਂ ਵਿੱਤੀ ਲਾਭ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ। ਡਿਜੀਟਲ ਨਿਗਰਾਨੀ ਅਤੇ ਖ਼ੁਫ਼ੀਆ ਜਾਣਕਾਰੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਖਬੀਰ ਸਿੰਘ ਅਤੇ ਮਨਵੀਰ ਸਿੰਘ ਦੋਹਾਂ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਹਮਾਇਤ ਨਾਲ ਦੁਬਈ ਤੋਂ ਕੰਮ ਕਰਨ ਵਾਲੇ ਗੈਂਗਸਟਰ ਤੋਂ ਅੱਤਵਾਦੀ ਬਣੇ ਸ਼ਹਿਜ਼ਾਦ ਭੱਟੀ ਦੀ ਵਡਿਆਈ ਅਤੇ ਸਮਰਥਨ ਕਰਨ ਵਾਲੇ ਕਈ ਵੀਡੀਓ ਅਪਲੋਡ ਕੀਤੇ ਸਨ।

