ਚੰਡੀਗੜ੍ਹ, 2 ਜੁਲਾਈ 2025 – ਨਸ਼ਾ ਤਸਕਰੀ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਗ੍ਰਿਫਤਾਰ ਕੀਤੇ ਗਏ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਅੱਜ 7 ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਹੈ। ਜਿਸ ਤੋਂ ਬਾਅਦ ਮਜੀਠੀਆ ਨੂੰ ਵਿਜ਼ੀਲੈਂਸ ਵੱਲੋਂ ਅੱਜ ਮੁੜ (2 ਜੁਲਾਈ) ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪਰ ਉਸ ਤੋਂ ਪਹਿਲਾਂ ਹੀ ਮਜੀਠੀਆ ਦੀ ਅਦਾਲਤ ਵਿਚ ਪੇਸ਼ੀ ਦੇ ਮੱਦੇਨਜ਼ਰ ਪੁਲਿਸ ਅਧਿਕਾਰੀਆਂ ਵਲੋਂ ਵੱਡੇ ਅਕਾਲੀ ਆਗੂਆਂ ਨੂੰ ਘਰ ਅੰਦਰ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਹਲਕਾ ਟਾਂਡਾ ਉੜਮੁੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਅਰਵਿੰਦਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੂੰ ਅੱਜ ਟਾਂਡਾ ਪੁਲਿਸ ਵਲੋਂ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ ਹੈ।
ਇਸ ਤੋਂ ਬਿਨਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਟੀਮ ਵਲੋਂ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਵਿਚ ਉਨ੍ਹਾਂ ਕਿਹਾ ਕਿ, “ਅਣ-ਐਲਾਨੀ ਐਮਰਜੈਂਸੀ। ਨਾ ਝੁਕੇ ਨਾਂ ਝੁਕਾਂਗੇ ਅਤੇ ਪੰਜਾਬ, ਪੰਜਾਬੀਅਤ ਲਈ ਮੁੱਦੇ ਚੁੱਕੇ ਅਤੇ ਅੱਗੇ ਵੀ ਚੁੱਕਦੇ ਰਹਾਂਗੇ।”


ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਐਕਸ’ (ਟਵੀਟ) ‘ਤੇ ਪੋਸਟ ਪਾ ਕੇ ਕਿਹਾ ਕਿ, “ਭਗਵੰਤ ਮਾਨ ਨੇ ਪੰਜਾਬ ਵਿਚ ਇਕ ਅਣ-ਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਝੂਠੇ ਕੇਸ ਵਿਚ ਫਸਾਏ ਗਏ ਬਿਕਰਮ ਸਿੰਘ ਮਜੀਠੀਆ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਅੱਜ ਮੋਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਮੁੱਖ ਸੜਕਾਂ ’ਤੇ ਲਗਾਏ ਗਏ ਨਾਕਿਆਂ ’ਤੇ ਵੀ ਰੋਕਿਆ ਜਾ ਰਿਹਾ ਹੈ। ਅਜਿਹੀਆਂ ਦਮਨਕਾਰੀ ਕਾਰਵਾਈਆਂ ਕਾਇਰਤਾ ਦੀ ਝਲਕ ਦਿੰਦੀਆਂ ਹਨ। ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਕਰਮ ਲਈ ਸਮਰਥਨ ਦੇ ਵਾਧੇ ਤੋਂ ਘਬਰਾ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਕਾਲੀ ਦਲ ਅਤੇ ਇਸ ਦੇ ਵਰਕਰ ਅਜਿਹੀਆਂ ਦਮਨਕਾਰੀ ਕਾਰਵਾਈਆਂ ਤੋਂ ਨਹੀਂ ਡਰਨਗੇ। ਪਹਿਲਾਂ ਵੀ ਅਕਾਲੀਆਂ ਨੇ ਲੋਕ ਲਹਿਰਾਂ ਨਾਲ ਦਮਨ ਦਾ ਮੁਕਾਬਲਾ ਕੀਤਾ ਹੈ। ਹੁਣ ਵੀ ਅਸੀਂ ਪੰਜਾਬੀਆਂ ਦੇ ਸਮਰਥਨ ਨਾਲ ਭ੍ਰਿਸ਼ਟ ਅਤੇ ਤਾਨਾਸ਼ਾਹ ਆਮ ਆਦਮੀ ਪਾਰਟੀ ਸ਼ਾਸਨ ਨੂੰ ਢੁਕਵਾਂ ਸਬਕ ਸਿਖਾਵਾਂਗੇ।

