ਲੁਧਿਆਣਾ, 2 ਜੁਲਾਈ 2025 – ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ‘ਚ 2 ਆਗੂਆਂ ਦੀ ਐਂਟਰੀ ਰੋਕ ਦਿੱਤੀ ਹੈ। ਇਨ੍ਹਾਂ ਆਗੂਆਂ ਦੇ ਨਾਂਅ ਕਮਲਜੀਤ ਕੜਵਲ ਅਤੇ ਕਰਨ ਵੜਿੰਗ ਹਨ। ਇਹ ਦੋਵੇਂ ਆਗੂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਕਾਂਗਰਸ ‘ਚ ਸ਼ਾਮਲ ਹੋਏ ਸੀ। ਭਾਰਤ ਭੂਸ਼ਣ ਆਸ਼ੂ, ਚਰਨਜੀਤ ਚੰਨੀ ਤੇ ਰਾਣਾ ਗੁਰਜੀਤ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਸੀ। ਜਦੋਂ ਕਿ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੌਜੂਦ ਨਹੀਂ ਸਨ।
ਪਰ ਇੱਥੇ ਇਹ ਗੱਲ ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਦੋਹਾਂ ਲੀਡਰਾਂ ਨੇ 2024 ਲੋਕਸਭਾ ਚੋਣਾਂ ‘ਚ ਰਾਜਾ ਵੜਿੰਗ ਪ੍ਰਚਾਰ ਖਿਲਾਫ਼ ਕੀਤਾ ਸੀ। ਉੱਥੇ ਹੀ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਇਨ੍ਹਾਂ ਦੀ ਕਾਂਗਰਸ ‘ਚ ਐਂਟਰੀ ਦਾ ਵਿਰੋਧ ਕੀਤਾ ਗਿਆ ਸੀ।
ਰਾਜਾ ਵੜਿੰਗ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਕਾਂਗਰਸ ‘ਚ ਇੱਕ ਵਾਰ ਫੇਰ ਤੋਂ ਧੜੇਬੰਦੀ ਜੱਗ ਜ਼ਾਹਰ ਹੋਈ ਹੈ, ਕਿਉਂਕਿ ਇਹ ਵਿਵਾਦ ਉਦੋਂ ਹੋਰ ਵਧ ਗਿਆ ਸੀ ਜਦੋਂ ਵੜਿੰਗ ਦੇ ਵਿਰੋਧੀ ਮੰਨੇ ਜਾਂਦੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ‘ਤੇ ਇਨ੍ਹਾਂ ਆਗੂਆਂ ਦੀ ਵਾਪਸੀ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਗਿਆ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਉਨ੍ਹਾਂ ਦੀ ਵਾਪਸੀ ਦਾ ਸਮਰਥਨ ਕੀਤਾ ਸੀ।

ਹਾਲਾਂਕਿ, ਪਾਰਟੀ ਹਾਈਕਮਾਨ ਨੇ ਵੜਿੰਗ ਦੇ ਸਟੈਂਡ ਨੂੰ ਮਹੱਤਵ ਦਿੰਦੇ ਹੋਏ, ਦੋਵਾਂ ਨੇਤਾਵਾਂ ਦੀ ਮੁੜ ਐਂਟਰੀ ਨੂੰ ਰੱਦ ਕਰ ਦਿੱਤਾ ਹੈ। ਇਸ ਕਦਮ ਨੂੰ ਉਪ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਏਕਤਾ ਅਤੇ ਅਨੁਸ਼ਾਸਨ ਬਣਾਈ ਰੱਖਣ ਦੇ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।
