ਹੁਸ਼ਿਆਰਪੁਰ, 3 ਜੁਲਾਈ 2025 – ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਪੈਂਦੇ ਪਿੰਡ ਕੁਲਪੁਰ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਕੁਲਪੁਰ ਦਾ ਇੱਕ ਨੌਜਵਾਨ ਹਰਦੀਪ ਸਿੰਘ, ਉਮਰ ਲਗਭਗ 37 ਸਾਲ, ਪੁੱਤਰ ਸ਼ਿਗਾਰਾ ਸਿੰਘ, ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਭੱਠੇ ਨੇੜੇ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਗੋਲੀ ਮਾਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਤਾਂ ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੌਕੇ ਤੋਂ 6-7 ਕਾਰਤੂਸਾਂ ਦੇ ਖੋਲ ਵੀ ਬਰਾਮਦ ਕੀਤੇ ਹਨ।
ਪਿੰਡ ਵਾਸੀਆਂ ਵੱਲੋਂ ਸੂਚਿਤ ਕਰਨ ਤੋਂ ਬਾਅਦ, ਸਰੋਆ ਥਾਣਾ ਅਤੇ ਪੋਜੇਵਾਲ ਥਾਣੇ ਦੀ ਐਸਐਚਓ ਮੈਡਮ ਰਾਜ ਪਲਵਿੰਦਰ ਕੌਰ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਬਲਾਚੌਰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਮ੍ਰਿਤਕ ਹਰਦੀਪ ਦੇ ਭਰਾ ਸੰਦੀਪ ਦੇ ਬਿਆਨਾਂ ‘ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਤਿੰਨ ਮਾਸੂਮ ਬੱਚੇ ਹਨ, ਜਿਨ੍ਹਾਂ ਵਿੱਚ ਦੋ ਕੁੜੀਆਂ ਅਤੇ ਇੱਕ ਲੜਕਾ ਹੈ।

