- ਸਪੱਸ਼ਟੀਕਰਨ ਨਾ ਦੇਣ ਤੋਂ ਬਾਅਦ ਫੈਸਲਾ
ਪਟਨਾ ਸਾਹਿਬ, 5 ਜੁਲਾਈ 2025 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਹੈ। ਪੰਜ ਪਿਆਰਿਆਂ ਦੇ ਵੱਲੋਂ ਇਹ ਆਦੇਸ਼ ਸ੍ਰੀ ਪਟਨਾ ਸਾਹਿਬ ਤੋਂ ਸੁਣਾਇਆ ਗਿਆ ਹੈ।
ਦੱਸ ਦੇਈਏ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਇੱਕ ਹੁਕਮਨਾਮੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਮਾਮਲੇ ‘ਚ ਪੰਜ ਪਿਆਰਿਆਂ ਨੇ ਇੱਕ ਬੈਠਕ ਕੀਤੀ ਤੇ ਸੁਖਬੀਰ ਬਾਦਲ ਨੂੰ 20 ਦਿਨਾਂ ‘ਚ ਪੇਸ਼ ਹੋਣ ਦਾ ਸਮਾਂ ਦਿੱਤਾ ਸੀ। ਪਰ 20 ਦਿਨ ਵੀ ਬੀਤ ਜਾਣ ਦੇ ਬਾਅਦ ਸਪੱਸ਼ਟੀਕਰਨ ਨਾ ਦੇਣ ‘ਤੇ ਪੰਜ ਪਿਆਰਿਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਦੱਸ ਦਈਏ ਕਿ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਦੋਸ਼ ਮੁਕਤ ਐਲਾਨੇ ਜਾਣ ਮਗਰੋਂ ਇਹ ਵਿਵਾਦ ਸ਼ੁਰੂ ਹੋਇਆ ਸੀ, ਜਿਸ ਮਾਮਲੇ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ 20 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਸ ਮਾਮਲੇ ਵਿਚ SGPC ਦਾ ਵਫ਼ਦ ਵੀ ਉੱਥੇ ਗਿਆ ਸੀ। ਇਸ ਤੋਂ ਬਾਅਦ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ 15 ਦਿਨਾਂ ਦਾ ਹੋਰ ਸਮਾਂ ਮੰਗਿਆ ਗਿਆ ਸੀ, ਪਰ ਉਹ ਵੀ ਮੁੱਕ ਜਾਣ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਉੱਥੇ ਪੇਸ਼ ਨਹੀਂ ਹੋਏ, ਜਿਸ ਮਗਰੋਂ ਹੁਣ ਪੰਜ ਪਿਆਰਿਆਂ ਵੱਲੋਂ ਇਹ ਫ਼ੈਸਲਾ ਸੁਣਾਇਆ ਗਿਆ ਹੈ।

ਜਿਸ ‘ਤੇ ਪੰਜ ਪਿਆਰਿਆਂ ਨੇ ਕਿਹਾ ਕਿ ਇਸ ਪੂਰੀ ਘਟਨਾ ਵਿੱਚ ਇੱਕ ਸਾਜ਼ਿਸ਼ ਅਤੇ ਸਾਜ਼ਿਸ਼ਕਰਤਾ ਵਜੋਂ ਸੁਖਬੀਰ ਬਾਦਲ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਹ ਵੀ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੁਆਰਾ ਜਾਰੀ ਹੁਕਮ ਅਨੁਸਾਰ, ਤੁਹਾਨੂੰ ਆਪਣਾ ਪੱਖ ਪੇਸ਼ ਕਰਨ ਲਈ ਦੋ ਮੌਕੇ ਦਿੱਤੇ ਗਏ ਸਨ ਪਰ ਤੁਸੀਂ ਪੇਸ਼ ਨਹੀਂ ਹੋਏ। ਤੀਜੀ ਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਾਮੀ ਦੀ ਬੇਨਤੀ ‘ਤੇ 20 ਦਿਨ ਹੋਰ ਦਿੱਤੇ ਗਏ ਸਨ ਪਰ ਫਿਰ ਵੀ ਤੁਸੀਂ ਪੇਸ਼ ਨਹੀਂ ਹੋਏ।
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਇਹ ਮੀਟਿੰਗ ਜਥੇਦਾਰ ਭਾਈ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਤਖ਼ਤ ਦੇ ਵਧੀਕ ਹੈੱਡ ਗ੍ਰੰਥੀ ਭਾਈ ਦਲੀਪ ਸਿੰਘ ਤੇ ਭਾਈ ਗੁਰਦਿਆਲ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਹੋਏ ਹਨ।
