ਮਜੀਠਾ, 5 ਜੁਲਾਈ 2025 – ਹਲਕਾ ਮਜੀਠਾ ਦੇ ਪਿੰਡ ਚੰਨਣਕੇ ਵਿਖੇ ਬੀਤੀ ਸ਼ਾਮ ਨੂੰ ਤਿੰਨ ਅਣਪਛਾਤੇ ਮੋਟਰਸਾਈਕਲ ਚਾਲਕਾਂ ਵੱਲੋਂ ਇੱਕ ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਇਸ ਦੌਰਾਨ ਹਮਲਾਵਾਰ ਮੌਕੇ ‘ਤੇ ਫਰਾਰ ਹੋ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਜੁਗਰਾਜ ਸਿੰਘ ਦੀ ਮਾਤਾ ਸਰਬਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਚੰਨਣਕੇ ਨੇ ਦੱਸਿਆ ਕਿ ਮੈਂ ਅਤੇ ਮੇਰਾ ਮੁੰਡਾ ਮੇਰੇ ਪੇਕੇ ਪਰਿਵਾਰ ਪਿੰਡ ਲਾਧੂ ਭਾਣੇ ਤੋਂ ਸਾਢੇ 7 ਵਜੇ ਦੇ ਕਰੀਬ ਘਰ ਆਏ ਤੇ ਫਿਰ ਮੇਰਾ ਬੇਟਾ ਘਰ ਵਾਸਤੇ ਘਰੇਲੂ ਸਾਮਾਨ ਲੈਣ ਲਈ ਬੁੱਲਟ ਮੋਟਰ ਸਾਈਕਲ ‘ਤੇ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੈਂ ਵੀ ਬਾਹਰ ਗਲੀ ‘ਚ ਉਸ ਨੂੰ ਦੇਖ ਰਹੀ ਸੀ ਕਿ ਤਿੰਨ ਅਣਪਛਾਤੇ ਨੌਜਵਾਨਾਂ ਜੋ ਇੱਕ ਹੀ ਮੋਟਰ ਸਾਈਕਲ ‘ਤੇ ਆਏ ਅਤੇ ਜੁਗਰਾਜ ਨਾਲ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਮੇਰੇ ਸਾਹਮਣੇ ਜੁਗਰਾਜ ‘ਤੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ‘ਤੇ ਮੈਂ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਜ਼ਖ਼ਮੀ ਹਾਲਤ ‘ਚ ਉਹ ਆਪਣੇ ਬੇਟੇ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਲੈ ਗਏ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਮ੍ਰਿਤਕ ਜੁਗਰਾਜ ਦੀ ਮਾਤਾ ਨੇ ਦੱਸਿਆ ਕਿ ਇਹ ਘਟਨਾ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਬਾਜ਼ਾਰ ‘ਚ ਵਾਪਰੀ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਅਤੇ ਮੇਰੇ ਨੌਜਵਾਨ ਪੁੱਤ ਨੂੰ ਮੇਰੇ ਸਾਹਮਣੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਸ ਸਬੰਧੀ ਥਾਣਾ ਮਹਿਤਾ ਦੇ ਐਸਐਚ ਓ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ । ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਇਸ ਘਟਨਾ ਦੀ ਸਖ਼ਤ ਨਿੰਦਾ ਕਰ ਰਹੇ ਹਨ।

