ਅੰਮ੍ਰਿਤਸਰ, 7 ਜੁਲਾਈ 2025 – ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇੱਕ ਤਸਕਰ ਨੂੰ 1.25 ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਲੋਪੋਕੋ ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ਼ ਵਿੱਕੀ ਵਜੋਂ ਕੀਤੀ ਹੈ।

ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਆਈ-20 ਕਾਰ ਅਤੇ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੂੰ ਮੋਬਾਈਲ ਤੋਂ ਸੰਪਰਕ ਮਿਲੇ ਹਨ। ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਰਵਿੰਦਰ ਸਿੰਘ ਵਿੱਕੀ ਦੀ ਕਾਰ ਵਿੱਚ ਆਪਣੇ ਸਾਥੀ ਨੂੰ ਇਹ ਖੇਪ ਸਪਲਾਈ ਕਰਨ ਜਾ ਰਿਹਾ ਸੀ। ਹੈਰੋਇਨ ਦੀ ਇਹ ਖੇਪ ਕੁਝ ਦਿਨ ਪਹਿਲਾਂ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਭਾਰਤ ਵਿੱਚ ਸੁੱਟੀ ਸੀ।

